ਨਵੀਂ ਦਿੱਲੀ, 21 ਨਵੰਬਰ (ਹਿ.ਸ.)। ਜਨਤਕ ਖੇਤਰ ਦੀ ਕੰਪਨੀ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (ਆਈਆਰਈਡੀਏ) ਨੇ ਐਂਕਰ ਨਿਵੇਸ਼ਕਾਂ ਤੋਂ 643 ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਦੀ 2,150 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) 21 ਨਵੰਬਰ ਨੂੰ ਖੁੱਲ੍ਹੀ, ਜੋ 23 ਨਵੰਬਰ ਨੂੰ ਬੰਦ ਹੋਵੇਗੀ।
ਆਈਆਰਈਡੀਏ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਕੰਪਨੀ ਨੇ ਐਂਕਰ ਨਿਵੇਸ਼ਕਾਂ ਤੋਂ 643 ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਨੇ 58 ਫੰਡਾਂ ਨੂੰ 32 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 20,10,19,726 ਸ਼ੇਅਰ ਅਲਾਟ ਕੀਤੇ ਹਨ। ਇਹ ਕੀਮਤ ਸੀਮਾ ਦਾ ਉਪਰਲਾ ਸਿਰਾ ਹੈ। ਆਈਪੀਓ ਲਈ ਕੀਮਤ ਸੀਮਾ 30-32 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਗਈ ਹੈ।
ਆਈਆਰਈਡੀਏ ਸ਼ੁਰੂਆਤੀ ਜਨਤਕ ਪੇਸ਼ਕਸ਼ ਦੇ ਤਹਿਤ 40.31 ਕਰੋੜ ਨਵੇਂ ਸ਼ੇਅਰ ਜਾਰੀ ਕਰੇਗੀ। ਕੰਪਨੀ ਦੀ ਵੈਲਯੂਏਸ਼ਨ ਬੈਂਡ ਦੇ ਉਪਰਲੇ ਸਿਰੇ ‘ਤੇ 1,290 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਕੰਪਨੀ ਦੇ ਸ਼ੇਅਰ ਬੀਐੱਸਈ ਅਤੇ ਐੱਨਐੱਸਈ ‘ਤੇ ਲਿਸਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ‘ਚ ਭਾਰਤੀ ਜੀਵਨ ਬੀਮਾ ਨਿਗਮ ਤੋਂ ਬਾਅਦ ਕਿਸੇ ਜਨਤਕ ਖੇਤਰ ਦੀ ਕੰਪਨੀ ਦਾ ਇਹ ਪਹਿਲਾ ਆਈ.ਪੀ.ਓ. ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
