ਨਵੀਂ ਦਿੱਲੀ, 14 ਨਵੰਬਰ (ਹਿ. ਸ.)। ਖੁਰਾਕੀ ਵਸਤਾਂ ‘ਚ ਗਿਰਾਵਟ ਕਾਰਨ ਅਕਤੂਬਰ ‘ਚ ਥੋਕ ਮਹਿੰਗਾਈ ਦਰ ਵੀ ਘਟ ਕੇ -0.52 ਫੀਸਦੀ ‘ਤੇ ਆ ਗਈ ਹੈ। ਅਪ੍ਰੈਲ ਤੋਂ ਬਾਅਦ ਇਹ ਲਗਾਤਾਰ ਸੱਤਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਦਰ ਜ਼ੀਰੋ ਤੋਂ ਹੇਠਾਂ ਰਹੀ ਹੈ। ਇਸ ਤੋਂ ਪਹਿਲਾਂ ਸਤੰਬਰ ‘ਚ ਥੋਕ ਮਹਿੰਗਾਈ ਦਰ -0.26 ਫੀਸਦੀ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਅੰਕੜਿਆਂ ‘ਚ ਕਿਹਾ ਕਿ ਥੋਕ ਮੁੱਲ ਸੂਚਕਾਂਕ (ਡਬਲਯੂ.ਪੀ.ਆਈ.) ‘ਤੇ ਆਧਾਰਿਤ ਥੋਕ ਮਹਿੰਗਾਈ ਦਰ ਅਕਤੂਬਰ ‘ਚ ਘਟ ਕੇ -0.52 ਫੀਸਦੀ ‘ਤੇ ਰਹੀ ਹੈ। ਅਕਤੂਬਰ 2022 ਵਿੱਚ ਡਬਲਯੂਪੀਆਈ ਆਧਾਰਿਤ ਥੋਕ ਮਹਿੰਗਾਈ ਦਰ 8.67 ਫੀਸਦੀ ਸੀ। ਪਿਛਲੇ ਮਹੀਨੇ ਸਤੰਬਰ ‘ਚ ਇਹ -0.26 ਫੀਸਦੀ ਸੀ। ਅਗਸਤ ‘ਚ ਇਹ -0.52 ਫੀਸਦੀ ਸੀ। ਡਬਲਯੂਪੀਆਈ ਆਧਾਰਿਤ ਥੋਕ ਮਹਿੰਗਾਈ ਅਪ੍ਰੈਲ ਤੋਂ ਲਗਾਤਾਰ ਜ਼ੀਰੋ ਤੋਂ ਹੇਠਾਂ ਹੈ। ਥੋਕ ਮਹਿੰਗਾਈ ਵਿੱਚ ਗਿਰਾਵਟ ਰਸਾਇਣਕ ਉਤਪਾਦਾਂ, ਖਣਿਜ ਤੇਲ ਅਤੇ ਟੈਕਸਟਾਈਲ ਆਦਿ ਕਾਰਨ ਹੈ।
ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ਵਿਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਘਟ ਕੇ 2.53 ਫੀਸਦੀ ‘ਤੇ ਆ ਗਈ ਹੈ, ਜੋ ਸਤੰਬਰ ਵਿਚ 3.35 ਫੀਸਦੀ ਸੀ। ਈਂਧਨ ਅਤੇ ਬਿਜਲੀ ਖੇਤਰ ਵਿੱਚ ਮਹਿੰਗਾਈ ਦਰ -2.47 ਫੀਸਦੀ ਸੀ, ਜੋ ਸਤੰਬਰ ਵਿੱਚ -3.35 ਫੀਸਦੀ ਸੀ। ਇਸੇ ਤਰ੍ਹਾਂ ਨਿਰਮਿਤ ਉਤਪਾਦਾਂ ਦੀ ਮਹਿੰਗਾਈ ਅਕਤੂਬਰ ‘ਚ -1.13 ਫੀਸਦੀ ਰਹੀ, ਜਦੋਂ ਕਿ ਸਤੰਬਰ ‘ਚ ਇਹ -1.34 ਫੀਸਦੀ ਸੀ। ਮੰਤਰਾਲੇ ਨੇ ਕਿਹਾ ਕਿ ਅਕਤੂਬਰ ‘ਚ ਥੋਕ ਮਹਿੰਗਾਈ ਦਰ ਜ਼ੀਰੋ ਤੋਂ ਹੇਠਾਂ ਰਹਿਣ ਦਾ ਮੁੱਖ ਕਾਰਨ ਰਸਾਇਣਕ ਅਤੇ ਰਸਾਇਣਕ ਉਤਪਾਦਾਂ, ਬਿਜਲੀ, ਟੈਕਸਟਾਈਲ, ਬੇਸਿਕ ਧਾਤਾਂ, ਖਾਣ-ਪੀਣ ਵਾਲੀਆਂ ਵਸਤਾਂ, ਕਾਗਜ਼ ਅਤੇ ਕਾਗਜ਼ੀ ਉਤਪਾਦਾਂ ਆਦਿ ਦੀਆਂ ਕੀਮਤਾਂ ‘ਚ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ‘ਚ ਗਿਰਾਵਟ ਰਹਿਣਾ ਹੈ।
ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਵੱਲੋਂ ਜਾਰੀ ਆਖਰੀ ਅੰਕੜਿਆਂ ਮੁਤਾਬਕ ਅਕਤੂਬਰ ‘ਚ ਪ੍ਰਚੂਨ ਮਹਿੰਗਾਈ ਦਰ ਸਾਲਾਨਾ ਆਧਾਰ ‘ਤੇ 4.87 ਫੀਸਦੀ ਦੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
