ਨਵੀਂ ਦਿੱਲੀ, 09 ਅਪ੍ਰੈਲ । ਚੈਤਰ ਨਵਰਾਤਰੀ ਦੇ ਪਹਿਲੇ ਦਿਨ ਅੱਜ ਤੋਂ ਆਦਿ ਸ਼ਕਤੀ ਮਾਂ ਦੁਰਗਾ ਦੀ ਪੂਜਾ ਦਾ ਮਹਾਨ ਤਿਉਹਾਰ ਸ਼ੁਰੂ ਹੋ ਗਿਆ ਹੈ। ਦੇਵੀ ਦੇ ਦਰਸ਼ਨਾਂ ਲਈ ਦੇਸ਼ ਭਰ ਦੇ ਸ਼ਕਤੀਪੀਠਾਂ ’ਤੇ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਛੱਤਰਪੁਰ ਮੰਦਰ, ਝੰਡੇਵਾਲਾਨ ਮੰਦਰ ਅਤੇ ਕਾਲਕਾਜੀ ਮੰਦਰ ‘ਚ ਸਵੇਰ ਦੀ ਆਰਤੀ ਨਾਲ ਮਾਤਾ ਦੇ ਦਰਸ਼ਨ ਦੀ ਸ਼ੁਰੂਆਤ ਹੋਈ।
ਆਸਾਮ ਦੇ ਮਾਂ ਕਾਮਾਖਿਆ, ਮੁੰਬਈ ਦੇ ਮੁੰਬਾ ਦੇਵੀ ਮੰਦਿਰ, ਹਿਮਾਚਲ ਪ੍ਰਦੇਸ਼ ’ਚ ਜਵਾਲਾ ਜੀ, ਨਯਨਾ ਦੇਵੀ, ਮੱਧ ਪ੍ਰਦੇਸ਼ ਦੇ ਮੈਹਰ ਵਿੱਚ ਮਾਂ ਸ਼ਾਰਦਾ ਪੀਠ ਅਤੇ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਵਿੱਚ ਰਾਮਗਿਰੀ ਸ਼ਕਤੀਪੀਠ ਅਤੇ ਵਿੰਧਿਆਚਲ ਸ਼ਕਤੀਪੀਠ ’ਚ ਸ਼ਰਧਾਲੂ ਪਵਿੱਤਰ ਨਦੀਆਂ ’ਚ ਇਸ਼ਨਾਨ ਕਰਨ ਉਪਰੰਤ ਦਰਸ਼ਨਾਂ ਲਈ ਸ਼ਰਧਾਲੂ ਪਹੁੰਚ ਰਹੇ ਹਨ। ਦੇਸ਼ ਦੇ ਸਾਰੇ ਮੰਦਰਾਂ ‘ਚ ਆਸਥਾ ਦਾ ਭਾਰੀ ਜਨਸੈਲਾਬ ਪਹੁੰਚਿਆ ਹੈ।
ਇਸ ਸਾਲ, ਚੈਤਰ ਨਵਰਾਤਰੀ ਦਾ ਪਹਿਲਾ ਦਿਨ ਸਰਵਾਰਥ ਸਿੱਧੀ ਅਤੇ ਅੰਮ੍ਰਿਤ ਯੋਗ ਹੈ। ਵੈਦਿਕ ਜੋਤਿਸ਼ ਵਿਚ ਇਨ੍ਹਾਂ ਦੋਨਾਂ ਯੋਗਾਂ ਵਿਚ ਕੀਤੀ ਗਈ ਪੂਜਾ ਨੂੰ ਬਹੁਤ ਸ਼ੁਭ ਅਤੇ ਫਲਦਾਇਕ ਮੰਨਿਆ ਗਿਆ ਹੈ। ਪ੍ਰਯਾਗਰਾਜ ਵਿੱਚ, ਸ਼ਰਧਾਲੂਆਂ ਨੇ ਗੰਗਾ ਅਤੇ ਯਮੁਨਾ ਨਦੀਆਂ ਵਿੱਚ ਪਵਿੱਤਰ ਇਸ਼ਨਾਨ ਕੀਤਾ ਅਤੇ ਜਲ ਦੇਵਤਿਆਂ ਦੀ ਪੂਜਾ ਕੀਤੀ। ਮਸ਼ਹੂਰ ਗਾਇਕ ਜੁਬਿਨ ਨੌਟਿਆਲ ਨੇ ਚੈਤਰ ਨਵਰਾਤਰੀ ਦੇ ਪਹਿਲੇ ਦਿਨ ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚ ਪੂਜਾ ਅਰਚਨਾ ਕੀਤੀ।
