ਮੁਹਾਲੀ । ਟੀ. ਡੀ. ਆਈ ਸਿਟੀ ਦੇ ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੀਤੀ ਗਈ ਅਹੁਦੇਦਾਰਾਂ ਦੀ ਚੌਣ ਵਿੱਚ ਰਾਜਵਿੰਦਰ ਸਿੰਘ ਸੱਤਵੀਂ ਵਾਰ ਪ੍ਰਧਾਨ ਚੁਣਿਆ ਗਿਆ ਹੈ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਜਸਵੀਰ ਸਿੰਘ ਗੜਾਂਗ ਨੂੰ ਮੀਤ ਪ੍ਰਧਾਨ, ਸੰਜੇਵੀਰ ਨੂੰ ਜਨਰਲ ਸਕੱਤਰ, ਮੋਹਿਤ ਮਦਾਨ ਨੂੰ ਵਿੱਤ ਸਕੱਤਰ, ਅਮਰਜੀਤ ਸਿੰਘ ਸੇਖੋਂ ਨੂੰ ਆਡੀਟਰ ਅਤੇਮਨੋਹਰ ਲਾਲ ਸ਼ਰਮਾ ਨੂੰ ਸ੍ਰਪ੍ਰਸਤ ਚੁਣਿਆ ਗਿਆ।
ਮੀਟਿੰਗ ਦੌਰਾਨ ਜਨਰਲ ਸਕੱਤਰ ਸੰਜੇਵੀਰ ਵੱਲੋਂ ਪੂਰੇ ਸਾਲ ਦੀ ਰਿਪੋਰਟ ਪੇਸ਼ ਕੀਤੀ ਗਈ। ਸੋਸਾਇਟੀ ਦੇ ਖਜਾਨਚੀ ਗੁਰਬਿੰਦਰ ਸਿੰਘ ਬਖਸ਼ੀ ਵੱਲੋਂ ਪੂਰੇ ਸਾਲ ਦੀ ਆਮਦਨ ਅਤੇ ਖਰਚ ਦੀ ਰਿਪੋਰਟ ਪੇਸ਼ ਕੀਤੀ ਗਈ। ਮੀਟਿੰਗ ਦੌਰਾਨ ਸੋਸਾਇਟੀ ਦੇ ਸਰਗਰਮ ਆਗੂ ਹਰਦੇਵ ਸਿੰਘ ਦੀ ਅਤੇ ਆਨਵੀ ਸਿੰਘ ਨੌਂ ਸਾਲ ਦੀ ਬੱਚੀ ਦੀ ਬੇਵਕਤੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਲਈ ਮੌਨ ਧਾਰਨ ਕੀਤਾ ਗਿਆ।
ਸੋਸਾਇਟੀ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ ਤੇ ਕੀਤੇ ਜਾਣ ਵਾਲੇ ਕੰਮਾਂ (ਜਿਨ੍ਹਾਂ ਵਿੱਚ ਬਿਜਲੀ ਸਪਲਾਈ ਦੇ ਪ੍ਰਬੰਧਾਂ ਨੂੰ ਠੀਕ ਕਰਵਾਉਣਾ, 95-96 ਸੈਕਟਰ ਨੂੰ ਵੰਡ ਦੀ ਸੜਕ ਬਣਾਉਣ ਲਈ ਯਤਨ ਕਰਨੇ, ਬਰਸਾਤੀ ਪਾਣੀ ਦੀ ਸਮੱਸਿਆ ਵਾਲੇ ਇਲਾਕਿਆਂ ਤੇ ਵਿਸ਼ੇਸ਼ ਧਿਆਨ ਦੇਣਾ ਸ਼ਾਮਿਲ ਹੈ) ਬਾਰੇ ਜਾਣਕਾਰੀ ਦਿੱਤੀ।
ਨਵੇਂ ਚਣੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਨੇ ਕਿਹਾ ਕਿ ਰਹਿੰਦੇ ਕੰਮਾਂ ਦਾ ਨਿਪਟਾਰਾ ਵੀ ਜਲਦੀ ਕੀਤਾ ਜਾਵੇਗਾ ਅਤੇ ਵਸਨੀਕਾਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਗੁਲਜ਼ਾਰ ਸਿੰਘ ਔਜਲਾ ਸਾਬਕਾ ਸਰਪੰਚ ਲਾਂਡਰਾਂ ਜਿਨ੍ਹਾਂ ਨੇ ਆਰ. ਡਬਲਿਊ ਸੋਸਾਇਟੀ ਦੇ ਦਫਤਰ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਦੇ ਰੂਪ ਵਿੱਚ ਦਿੱਤੀ ਸੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।
