ਨਵੀਂ ਦਿੱਲੀ, 01 ਮਾਰਚ । ਮੌਜੂਦਾ ਵਿੱਤੀ ਸਾਲ 2023-24 ਦੇ ਆਖਰੀ ਮਹੀਨੇ 1 ਮਾਰਚ ਨੂੰ ਕਈ ਬਦਲਾਅ ਹੋਏ ਹਨ। ਸਰਕਾਰ ਨੇ ਫਾਸਟੈਗ ਕੇਵਾਈਸੀ ਅਤੇ ਜੀਐੱਸਟੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਦਰਮਿਆਨ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 25.50 ਰੁਪਏ ਦਾ ਵਾਧਾ ਕੀਤਾ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਆਂ ਦਰਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ ਹਨ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ’ਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ ਵਧ ਕੇ 1795 ਰੁਪਏ ਹੋ ਗਈ ਹੈ। ਪਹਿਲਾਂ ਇਹ 1769.50 ਰੁਪਏ ਵਿੱਚ ਉਪਲੱਬਧ ਸੀ। ਕੋਲਕਾਤਾ ’ਚ ਇਸਦੀ ਕੀਮਤ 24 ਰੁਪਏ ਵਧ ਕੇ 1911 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਮੁੰਬਈ ’ਚ ਇਹ ਸਿਲੰਡਰ 25.50 ਰੁਪਏ ਮਹਿੰਗਾ ਹੋਕੇ 1749 ਰੁਪਏ ’ਚ ਮਿਲੇਗਾ। ਚੇਨਈ ’ਚ ਇਸਦੀ ਕੀਮਤ 23.50 ਵਧ ਕੇ 1960.50 ਰੁਪਏ ਹੋ ਗਈ ਹੈ। ਹਾਲਾਂਕਿ 14.2 ਕਿਲੋਗ੍ਰਾਮ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਾ ਹੋਣ ਕਾਰਨ ਇਹ ਫਿਲਹਾਲ ਦਿੱਲੀ ਵਿੱਚ 903 ਰੁਪਏ, ਭੋਪਾਲ ਵਿੱਚ 908 ਰੁਪਏ ਅਤੇ ਜੈਪੁਰ ਵਿੱਚ 906 ਰੁਪਏ ਵਿੱਚ ਉਪਲੱਬਧ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਫਾਸਟੈਗ ਲਈ ਕੇਵਾਈਸੀ ਨੂੰ ਪੂਰਾ ਕਰਨ ਲਈ ਆਖਰੀ ਮਿਤੀ 29 ਫਰਵਰੀ ਤੈਅ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਨੇ ਆਪਣਾ ਕੇਵਾਈਸੀ ਪੂਰਾ ਨਹੀਂ ਕੀਤਾ ਹੈ, ਉਨ੍ਹਾਂ ਦੇ ਫਾਸਟੈਗ ਨੂੰ ਬਲੈਕਲਿਸਟ (ਡੀਐਕਟੀਵੇਟ) ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੁੱਗਣਾ ਟੋਲ ਟੈਕਸ ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੀਐੱਸਟੀ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਹੁਣ 5 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਵਪਾਰੀ ਬਿਨਾਂ ਈ-ਚਾਲਾਨ ਤੋਂ ਈ-ਵੇਅ ਬਿੱਲ ਨਹੀਂ ਬਣਾ ਸਕਣਗੇ।
