ਗਾਜ਼ਾ, 01 ਮਾਰਚ । ਇਜ਼ਰਾਈਲੀ ਸੁਰੱਖਿਆ ਬਲਾਂ ਨੇ ਕੱਲ੍ਹ ਗਾਜ਼ਾ ਸ਼ਹਿਰ ਵਿੱਚ ਸਹਾਇਤਾ ਲੈ ਕੇ ਜਾ ਰਹੇ ਟਰੱਕਾਂ ਦੇ ਨੇੜੇ ਅਚਾਨਕ ਇਕੱਠੀ ਹੋਈ ਭੀੜ ’ਤੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ’ਚ ਘੱਟੋ-ਘੱਟ 100 ਲੋਕ ਮਾਰੇ ਗਏ ਅਤੇ 700 ਦੇ ਕਰੀਬ ਜ਼ਖਮੀ ਹੋ ਗਏ। ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਫਲਸਤੀਨੀ ਅਥਾਰਟੀ ਨਿਊਜ਼ ਏਜੰਸੀ ਅਤੇ ਇੱਕ ਇਜ਼ਰਾਇਲੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਮੁਤਾਬਕ ਇਹ ਸਭ ਅਚਾਨਕ ਹੋਇਆ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਇਸ ਕਤਲੇਆਮ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹੋਏ। ਇਜ਼ਰਾਈਲੀ ਟੈਂਕਾਂ ਨੇ ਹਜ਼ਾਰਾਂ ਮਸ਼ੀਨ ਗੰਨਾਂ ਨਾਲ ਗੋਲੀਬਾਰੀ ਕੀਤੀ। ਇਹ ਭੀੜ ਮਦਦ ਦੀ ਉਡੀਕ ਕਰ ਰਹੀ ਸੀ। ਇਕ ਇਜ਼ਰਾਈਲੀ ਅਧਿਕਾਰੀ ਨੇ ਮੰਨਿਆ ਕਿ ਸੈਨਿਕਾਂ ਨੇ ਗੋਲੀਬਾਰੀ ਕੀਤੀ ਅਤੇ ਭਗਦੜ ਵਿਚ ਜ਼ਿਆਦਾਤਰ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਗਾਜ਼ਾ ਨਿਵਾਸੀ ਸਹਾਇਤਾ ਟਰੱਕਾਂ ਨੂੰ ਘੇਰ ਕੇ ਸਪਲਾਈ ਨੂੰ ਲੁੱਟ ਰਹੇ ਸਨ। ਇਸ ਘਟਨਾਕ੍ਰਮ ‘ਤੇ ਹਮਾਸ ਦੇ ਕਮਾਂਡਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਜੰਗਬੰਦੀ ਦੀ ਗੱਲਬਾਤ ਪੱਟੜੀ ਤੋਂ ਉਤਰ ਸਕਦੀ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ‘ਚ 7 ਅਕਤੂਬਰ ਤੋਂ ਇਜ਼ਰਾਇਲ ਅਤੇ ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ। ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 30,000 ਤੱਕ ਪਹੁੰਚ ਗਈ ਹੈ।
