ਨਵੀਂ ਦਿੱਲੀ, 13 ਫਰਵਰੀ : ਦੇਸ਼ ਭਰ ਦੇ ਅਨੇਕ ਕਿਸਾਨ ਯੂਨੀਅਨਾਂ ਦੇ ਸੱਦੇ ‘ਤੇ ਅੱਜ (ਮੰਗਲਵਾਰ) ਦਿੱਲੀ ਵੱਲ ਕੂਚ ਕਰਨਗੇ। ਇਸ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਕਥਿਤ ਤੌਰ ‘ਤੇ ਇਹ ਦੇਸ਼ ਦੀਆਂ ਲਗਭਗ 200 ਕਿਸਾਨ ਯੂਨੀਅਨਾਂ ਦਾ ਅੰਦੋਲਨ ਹੈ, ਪਰ ਮੁੱਖ ਤੌਰ ‘ਤੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਇਸ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸ ਲਈ ਇਨ੍ਹਾਂ ਰਾਜਾਂ ਨਾਲ ਲੱਗਦੇ ਸਿੰਘੂ ਬਾਰਡਰ ਅਤੇ ਗਾਜ਼ੀਪੁਰ ਬਾਰਡਰ ‘ਤੇ ਉਨ੍ਹਾਂ ਨੂੰ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਪਿਛਲੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪਹਿਲਾਂ ਹੀ ਸਾਵਧਾਨੀ ਵਰਤੀ ਜਾ ਰਹੀ ਹੈ। ਦਿੱਲੀ ਨਾਲ ਲੱਗਦੀ ਹਰਿਆਣਾ ਸਰਹੱਦ ‘ਤੇ ਹਥਿਆਰਬੰਦ ਬਲਾਂ ਦੀਆਂ 11 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਣ ਵਾਲੀਆਂ ਸੜਕਾਂ ‘ਤੇ ਸੀਮਿੰਟ ਦੀਆਂ ਵੱਡੀਆਂ-ਵੱਡੀਆਂ ਸਲੈਬਾਂ, ਕੰਡਿਆਲੀਆਂ ਤਾਰਾਂ ਅਤੇ ਕਿੱਲ ਲਗਾ ਕੇ ਟਰੈਕਟਰਾਂ ਨੂੰ ਦਿੱਲੀ ਸਰਹੱਦ ‘ਚ ਦਾਖਲ ਹੋਣ ਤੋਂ ਰੋਕਣ ਦੇ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਵੱਲ ਪਹਿਲਾਂ ਹੀ ਐਲਾਨੇ ਗਏ ਕੂਚ ਦੇ ਮੱਦੇਨਜ਼ਰ ਸਰਕਾਰ ਵੱਲੋਂ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਗਈ। ਬੀਤੀ ਦੇਰ ਰਾਤ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਇੱਕ ਵਾਰ ਫਿਰ ਗੱਲਬਾਤ ਹੋਈ ਪਰ ਬੇਸਿੱਟਾ ਰਹੀ। ਕਿਸਾਨ ਆਗੂ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ‘ਤੇ ਅੜੇ ਹੋਏ ਹਨ ਅਤੇ ਸਰਕਾਰ ਦੇ ਕਿਸੇ ਵੀ ਭਰੋਸੇ ਨੂੰ ਰੱਦ ਕਰ ਚੁੱਕੇ ਹਨ।
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲਗਾਤਾਰ ਦਿੱਲੀ ਆਉਣ ਵਾਲੇ ਲੋਕਾਂ ਨੂੰ ਅੱਜ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਅੱਜ ਰੋਸ ਪ੍ਰਦਰਸ਼ਨ ਕਰਨ ਅਤੇ ਸਰਹੱਦ ਤੋਂ ਵਾਪਸ ਚਲੇ ਜਾਣ ਅਤੇ ਪਿਛਲੀ ਵਾਰ ਵਾਂਗ ਧਰਨੇ ਵਿੱਚ ਨਾ ਬੈਠਣ। ਜਦੋਂ ਕਿ ਕੁਝ ਕਿਸਾਨ ਆਗੂ ਲੰਮੇ ਸਮੇਂ ਤੱਕ ਅੰਦੋਲਨ ਜਾਰੀ ਰੱਖਣ ਦੇ ਸੰਕੇਤ ਦੇ ਰਹੇ ਹਨ।
