ਮੈਕਸੀਕੋ ਸਿਟੀ, 31 ਜਨਵਰੀ : ਮੈਕਸੀਕੋ ’ਚ ਸਿਨਾਲੋਆ ਰਾਜ ਵਿੱਚ ਹਾਈਵੇਅ 15ਡੀ ’ਤੇ ਮੰਗਲਵਾਰ ਨੂੰ ਇੱਕ ਡਬਲ ਡੈਕਰ ਬੱਸ ਅਤੇ ਇੱਕ ਟਰੈਕਟਰ ਟ੍ਰੇਲਰ ਦੀ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 16 ਹੋਰ ਜ਼ਖਮੀ ਹੋ ਗਏ।
ਮੈਕਸੀਕੋ ਨਿਊਜ਼ ਡੇਲੀ ਦੇ ਅਨੁਸਾਰ, ਇਹ ਹਾਦਸਾ ਮਾਜ਼ਾਤਲਾਨ ਅਤੇ ਕੁਲਿਆਕੈਨ ਦੇ ਵਿਚਕਾਰ ਅਲੋਟਾ ਨਗਰਪਾਲਿਕਾ ਖੇਤਰ ਵਿੱਚ ਬੋਸਕੋਸੋ ਦੇ ਨੇੜੇ ਹਾਈਵੇਅ 15 ਡੀ ‘ਤੇ ਵਾਪਰਿਆ। ਡਬਲ ਡੇਕਰ ਬੱਸ ਨਾਰਟੇ ਡੀ ਸਿਨਾਲੋਆ ਕੰਪਨੀ ਦੀ ਹੈ। ਬੱਸ ਗੁਆਡਾਲਜਾਰਾ, ਜੈਲਿਸਕੋ ਤੋਂ ਲਾਸ ਮੋਚਿਸ (ਸਿਨਾਲੋਆ) ਜਾ ਰਹੀ ਸੀ। ਕੁਝ ਦੇਰ ‘ਚ ਹੀ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ। ਮਰਨ ਵਾਲੇ ਜ਼ਿਆਦਾਤਰ ਲੋਕ ਸਮੁੰਦਰੀ ਕਿਨਾਰੇ ਦੇ ਸ਼ਹਿਰ ਲਾਸ ਮੋਚਿਸ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਅਖਬਾਰਾਂ ਦੀਆਂ ਖਬਰਾਂ ਮੁਤਾਬਕ ਬੱਸ ‘ਚ 37 ਯਾਤਰੀ ਸਵਾਰ ਸਨ। ਨੈਸ਼ਨਲ ਗਾਰਡ ਅਤੇ ਹੋਰ ਸੁਰੱਖਿਆ ਅਤੇ ਸਿਵਲ ਡਿਫੈਂਸ ਏਜੰਸੀਆਂ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਰਵਾਨਾ ਕੀਤਾ ਗਿਆ। ਸੂਬੇ ਦੇ ਅਟਾਰਨੀ ਜਨਰਲ ਦਫ਼ਤਰ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਨਾਲੋਆ ਦੇ ਗਵਰਨਰ ਰੂਬੇਨ ਰੋਚਾ ਮੋਯਾ ਨੇ ਐਕਸ ਹੈਂਡਲ ‘ਤੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
