ਵਾਸ਼ਿੰਗਟਨ, 31 ਜਨਵਰੀ। ਅਮਰੀਕਾ ਨੇ ਦੇਸ਼ ਵਿੱਚ ਐੱਚ-1ਬੀ ਵਿਦੇਸ਼ੀ ਵਰਕ ਵੀਜ਼ਾ ਨੂੰ ਨਵਿਆਉਣ ਲਈ ਰਸਮੀ ਤੌਰ ‘ਤੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਲਈ ਇਸ ‘ਤੇ ਨਿਰਭਰ ਰਹਿੰਦੀਆਂ ਹਨ।
ਵੀਜ਼ਾ ਨਵੀਨੀਕਰਨ ਦਾ ਇਹ ਪ੍ਰੋਗਰਾਮ 29 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਅਤੇ 1 ਅਪ੍ਰੈਲ ਤੱਕ ਚੱਲੇਗਾ। ਇਸ ਨਾਲ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਆਪਣਾ ਵੀਜ਼ਾ ਰੀਨਿਊ ਕਰਨ ‘ਚ ਮਦਦ ਮਿਲੇਗੀ। ਇਸ ਸਬੰਧੀ ਐਲਾਨ ਪਿਛਲੇ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਫੇਰੀ ਦੌਰਾਨ ਕੀਤਾ ਗਿਆ ਸੀ। ਕਰੀਬ ਦੋ ਦਹਾਕਿਆਂ ‘ਚ ਇਹ ਪਹਿਲੀ ਵਾਰ ਹੈ ਕਿ ਸੀਮਤ ਗਿਣਤੀ ‘ਚ ਐੱਚ-1ਬੀ ਗੈਰ-ਪ੍ਰਵਾਸੀ ਵੀਜ਼ਾ ਧਾਰਕ ਅਮਰੀਕਾ ‘ਚ ਹੀ ਆਪਣਾ ਵੀਜ਼ਾ ਰੀਨਿਊ ਕਰ ਸਕਣਗੇ।
