ਨਵੀਂ ਦਿੱਲੀ, 29 ਜਨਵਰੀ (ਹਿ.ਸ.)। ਮਜ਼ਬੂਤ ਗਲੋਬਲ ਸੰਕੇਤਾਂ ਦੇ ਵਿਚਕਾਰ, ਘਰੇਲੂ ਸ਼ੇਅਰ ਬਾਜ਼ਾਰ ਵੀ ਅੱਜ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਬਾਜ਼ਾਰ ਖੁੱਲ੍ਹਣ ਦੇ ਬਾਅਦ ਤੋਂ ਹੀ ਲਗਾਤਾਰ ਖਰੀਦਦਾਰੀ ਦਾ ਦਬਾਅ ਬਣਿਆ ਹੋਇਆ ਹੈ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵਾਂ ਸੂਚਕਾਂਕ ’ਚ ਉੱਛਾਲ ਦੇਖਣ ਨੂੰ ਮਿਲ ਰਿਹਾ ਹੈ। ਕਾਰੋਬਾਰ ਦੋਰਾਨ 10:50 ਵਜੇ ਤੱਕ ਸੈਂਸੈਕਸ 818.08 ਅੰਕ ਭਾਵ 1.16 ਫੀਸਦੀ ਦੀ ਮਜ਼ਬੂਤੀ ਨਾਲ 71,518.75 ਅੰਕ ਦੇ ਪੱਧਰ ’ਤੇ ਅਤੇ ਨਿਫਟੀ 257.10 ਅੰਕ ਭਾਵ 1.20 ਫੀਸਦੀ ਮਜ਼ਬੂਤੀ ਨਾਲ 21,609.70 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਬੀਐੱਸਈ ਸੈਂਸੈਕਸ ਅੱਜ 267.43 ਅੰਕਾਂ ਦੀ ਛਾਲ ਮਾਰ ਕੇ 70,968.10 ਅੰਕਾਂ ‘ਤੇ ਖੁੱਲ੍ਹਿਆ। ਜਿਵੇਂ ਹੀ ਕਾਰੋਬਾਰ ਸ਼ੁਰੂ ਹੋਇਆ, ਖਰੀਦਦਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ, ਜਿਸ ਕਾਰਨ ਇਸ ਸੂਚਕਾਂਕ ਦੀ ਰਫਤਾਰ ਵਧੀ। ਹਾਲਾਂਕਿ ਮੰਦੜੀਆਂ ਨੇ ਕਦੇ-ਕਦਾਈਂ ਬਿਕਵਾਲੀ ਦੀ ਕੋਸ਼ਿਸ਼ ਕੀਤੀ, ਇਸਦੇ ਬਾਵਜੂਦ ਇਸ ਸੂਚਕਾਂਕ ਦੀ ਰਫਤਾਰ ਤੇਜ਼ੀ ਨਾਲ ਬਣੀ ਰਹੀ।
ਸੈਂਸੈਕਸ ਦੀ ਤਰ੍ਹਾਂ ਹੀ ਐੱਨਐੱਸਈ ਨਿਫਟੀ ਨੇ ਅੱਜ 80.50 ਅੰਕਾਂ ਦੀ ਮਜ਼ਬੂਤੀ ਨਾਲ 21,433.10 ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਕਾਰਨ ਇਹ ਸੂਚਕਾਂਕ ਲਗਾਤਾਰ ਵਧਦਾ ਰਿਹਾ। ਲਗਾਤਾਰ ਖਰੀਦਦਾਰੀ ਦੇ ਸਮਰਥਨ ਨਾਲ, ਸਵੇਰੇ 10 ਵਜੇ ਦੇ ਆਸਪਾਸ ਇਹ ਸੂਚਕਾਂਕ 235 ਅੰਕਾਂ ਤੋਂ ਵੱਧ ਦੀ ਛਾਲ ਮਾਰ ਕੇ 21,590.40 ‘ਤੇ ਪਹੁੰਚ ਗਿਆ ਅਤੇ ਤੇਜ਼ੀ ਜਾਰੀ ਰਹੀ।
ਸ਼ੁਰੂਆਤੀ ਇੱਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ਵਿੱਚੋਂ ਅਡਾਨੀ ਐਂਟਰਪ੍ਰਾਈਜ਼, ਓਐਨਜੀਸੀ, ਸਨ ਫਾਰਮਾਸਿਊਟੀਕਲਜ਼, ਅਡਾਨੀ ਪੋਰਟਸ ਅਤੇ ਐੱਸਬੀਆਈ ਲਾਈਫ਼ ਇੰਸ਼ੋਰੈਂਸ ਦੇ ਸ਼ੇਅਰ 4.71 ਤੋਂ 2.79 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਸਿਪਲਾ, ਡਾਕਟਰ ਰੈੱਡੀਜ਼ ਲੈਬਾਰਟਰੀਜ਼, ਐੱਲਟੀ ਮਾਈਂਡਟਰੀ, ਜੇਐੱਸਡਬਲਯੂ ਸਟੀਲ ਅਤੇ ਇੰਫੋਸਿਸ ਦੇ ਸ਼ੇਅਰ 1.73 ਤੋਂ 0.67 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੋਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 26 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 4 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 40 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 10 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 359.64 ਅੰਕ ਜਾਂ 0.51 ਫੀਸਦੀ ਦੀ ਗਿਰਾਵਟ ਨਾਲ 70,700.67 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 101.35 ਅੰਕ ਜਾਂ 0.47 ਫੀਸਦੀ ਦੀ ਗਿਰਾਵਟ ਨਾਲ 21,352.60 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
