ਇਸਲਾਮਾਬਾਦ, 18 ਜਨਵਰੀ (ਹਿ.ਸ.)। ਈਰਾਨ ਦੁਆਰਾ ਪਾਕਿਸਤਾਨ ‘ਤੇ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਕੂਟਨੀਤਕ ਖਿਚੋਤਾਣ ਦੇ ਵਿਚਕਾਰ ਪਾਕਿਸਤਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਹਵਾਈ ਸੈਨਾ ਨੇ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਹ ਟਿਕਾਣੇ ਪਾਕਿਸਤਾਨ ਵਿਚ ਲੋੜੀਂਦੇ ਬਲੋਚ ਬਾਗੀਆਂ ਦੇ ਸਨ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪਾਕਿਸਤਾਨ ਨੇ ਈਰਾਨ ਦੇ ਸਿਏਸਤਾਨ-ਓ-ਬਲੂਚਿਸਤਾਨ ਸੂਬੇ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਸਟੀਕ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਇਸ ਕਾਰਵਾਈ ‘ਚ ਕਈ ਅੱਤਵਾਦੀ ਮਾਰੇ ਗਏ। ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ।
ਪਾਕਿਸਤਾਨ ਦਾ ਇਹ ਕਦਮ 16 ਜਨਵਰੀ ਨੂੰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਈਰਾਨ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਆਇਆ ਹੈ, ਜਿਸ ‘ਚ ਈਰਾਨੀ ਹਵਾਈ ਫੌਜ ਨੇ ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਅੱਤਵਾਦੀ ਸੰਗਠਨ ਜੈਸ਼-ਅਲ-ਅਦਲ ਦੇ ਦੋ ਟਿਕਾਣਿਆਂ ‘ਤੇ ਹਮਲਾ ਕੀਤਾ ਸੀ।
ਪਾਕਿਸਤਾਨ ਨੇ ਇਸ ਨੂੰ ਅਸਵੀਕਾਰਨਯੋਗ ਦੱਸਦੇ ਹੋਏ ਸਖ਼ਤ ਨਾਰਾਜ਼ਗੀ ਜਤਾਈ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨੇ ਚੇਤਾਵਨੀ ਦਿੱਤੀ ਕਿ ਇਕਪਾਸੜ ਕਾਰਵਾਈ ਖੇਤਰੀ ਸ਼ਾਂਤੀ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਇਸ ਭੜਕਾਊ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦਾ ਅਧਿਕਾਰ ਮਿਲ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਣਾਅ ਆ ਗਿਆ ਹੈ। ਪਾਕਿਸਤਾਨ ਨੇ ਈਰਾਨ ਦੇ ਰਾਜਦੂਤ ਨੂੰ ਕੱਢ ਦਿੱਤਾ ਹੈ। ਇਸਦੇ ਨਾਲ ਹੀ ਈਰਾਨ ਤੋਂ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾ ਲਿਆ ਹੈ।
ਭਾਰਤ ਨੇ ਈਰਾਨ ਦਾ ਸਮਰਥਨ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਸੀ ਕਿ ਇਹ ਈਰਾਨ ਅਤੇ ਪਾਕਿਸਤਾਨ ਦਾ ਮਾਮਲਾ ਹੈ। ਭਾਰਤ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਚੱਲ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
