

ਨਵੀਂ ਦਿੱਲੀ, 16 ਜਨਵਰੀ (ਹਿ.ਸ.)। ਇਸ ਸਮੇਂ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਢ ਦੀ ਲਪੇਟ ‘ਚ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਤੇਜ਼ ਨਮੀ ਭਰੀ ਧੁੰਦ ਨੇ ਲੋਕਾਂ ਨੂੰ ਘਰਾਂ ਵਿੱਚ ਕੈਦ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਧੁੰਦ ਨੇ ਕਈ ਦਿਨਾਂ ਤੋਂ ਰੇਲ ਅਤੇ ਹਵਾਈ ਯਾਤਰੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ।
ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਅੱਜ ਸੰਘਣੀ ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਣ ਵਾਲੀਆਂ 30 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਕਈ ਉਡਾਣਾਂ ਦੇ ਸੰਚਾਲਨ ਵਿੱਚ ਦੇਰੀ ਹੋਈ। ਵਿਭਾਗ ਅਨੁਸਾਰ ਅੱਜ ਸਵੇਰੇ 5:30 ਵਜੇ ਦਿੱਲੀ ਦੇ ਸਫਦਰਜੰਗ ਵਿੱਚ 4.8 ਡਿਗਰੀ ਸੈਲਸੀਅਸ ਅਤੇ ਪਾਲਮ ਵਿੱਚ 7.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਦੌਰਾਨ ਕਰਤੱਵ ਪਥ ‘ਤੇ ਸੰਘਣੀ ਧੁੰਦ ਵਿਚਾਲੇ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਜਾਰੀ ਰਹੀ ਹੈ।
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਨੂੰ ਚਾਰ-ਪੰਜ ਦਿਨ ਹੋਰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਲਮ ਹਵਾਈ ਅੱਡੇ ‘ਤੇ ਸਵੇਰੇ 7 ਵਜੇ ਵਿਜ਼ੀਬਿਲਟੀ 100 ਮੀਟਰ ਅਤੇ ਸਫਦਰਜੰਗ ਹਵਾਈ ਅੱਡੇ ‘ਤੇ ਸਵੇਰੇ 7:30 ਵਜੇ 50 ਮੀਟਰ ਰਿਕਾਰਡ ਕੀਤੀ ਗਈ। ਇਸ ਦੌਰਾਨ ਦਿੱਲੀ ਏਅਰਪੋਰਟ ਨੇ ਹਵਾਈ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ, ਯਾਤਰਾ ਲਈ ਘਰ ਛੱਡਣ ਤੋਂ ਪਹਿਲਾਂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ।
ਇਸ ਤੋਂ ਪਹਿਲਾਂ ਕੱਲ੍ਹ ਸੋਮਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਕੁੱਲ ਪੰਜ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ। 30 ਉਡਾਣਾਂ ਦੇਰੀ ਨਾਲ ਅਤੇ 17 ਰੱਦ ਹੋਈਆਂ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਅੱਜ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ 16 ਅਤੇ 17 ਜਨਵਰੀ ਨੂੰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਬਾਰਿਸ਼ ਦੇ ਨਾਲ-ਨਾਲ ਬਰਫਬਾਰੀ ਵੀ ਹੋ ਸਕਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
