ਇੰਫਾਲ, 14 ਜਨਵਰੀ (ਹਿ.ਸ.)। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆ ਯਾਤਰਾ’ ਐਤਵਾਰ ਨੂੰ ਮਣੀਪੁਰ ਦੇ ਥੌਬਲ ਤੋਂ ਸ਼ੁਰੂ ਹੋ ਗਈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਥੌਬਲ ਦੇ ਖੋਂਗਜੋਮ ਵਿਖੇ ਰਸਮੀ ਪ੍ਰੋਗਰਾਮ ਦੌਰਾਨ ਯਾਤਰਾ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰੋਗਰਾਮ ਦੌਰਾਨ ਕਈ ਰਾਸ਼ਟਰੀ ਅਤੇ ਖੇਤਰੀ ਕਾਂਗਰਸੀ ਆਗੂ ਮੌਜੂਦ ਸਨ।
ਇਸ ਮੌਕੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੂਬੇ ਦੀ ਮੌਜੂਦਾ ਹਿੰਸਕ ਸਥਿਤੀ ਲਈ ਭਾਜਪਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਉਹ 2004 ਤੋਂ ਰਾਜਨੀਤੀ ਵਿੱਚ ਹਨ ਅਤੇ ਪਹਿਲੀ ਵਾਰ ਭਾਰਤ ਵਿੱਚ ਅਜਿਹੀ ਜਗ੍ਹਾ ਦਾ ਦੌਰਾ ਕੀਤਾ ਜਿੱਥੇ ਸ਼ਾਸਨ ਦਾ ਪੂਰਾ ਬੁਨਿਆਦੀ ਢਾਂਚਾ ਢਹਿ ਗਿਆ ਹੈ। 29 ਜੂਨ ਤੋਂ ਬਾਅਦ ਮਣੀਪੁਰ ਹੁਣ ਮਣੀਪੁਰ ਨਹੀਂ ਰਿਹਾ, ਇਹ ਵੰਡਿਆ ਗਿਆ ਅਤੇ ਹਰ ਪਾਸੇ ਨਫ਼ਰਤ ਫੈਲ ਗਈ ਹੈ। ਇੱਥੇ ਲੱਖਾਂ ਲੋਕਾਂ ਦਾ ਨੁਕਸਾਨ ਹੋਇਆ ਹੈ। ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣਿਆਂ ਨੂੰ ਗੁਆ ਦਿੱਤਾ। ਇੰਨਾ ਕੁਝ ਹੋ ਚੁੱਕਾ ਹੈ ਪਰ ਅੱਜ ਤੱਕ ਪ੍ਰਧਾਨ ਮੰਤਰੀ ਲੋਕਾਂ ਦੇ ਹੰਝੂ ਪੂੰਝਣ ਅਤੇ ਉਨ੍ਹਾਂ ਦੇ ਹੱਥ ਫੜਨ ਨਹੀਂ ਆਏ। ਇਹ ਸ਼ਰਮਨਾਕ ਹੈ। ਸ਼ਾਇਦ ਪ੍ਰਧਾਨ ਮੰਤਰੀ ਮੋਦੀ, ਭਾਜਪਾ ਅਤੇ ਆਰਐੱਸਐੱਸ ਲਈ ਮਣੀਪੁਰ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਅੱਜ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ, ਉਸਦੇ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਾ ਦਾ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਅਸ਼ਾਂਤ ਸੂਬੇ ਮਣੀਪੁਰ ਵਿੱਚ ਸ਼ਾਂਤੀ ਵਾਪਸ ਆਵੇ। ਉਨ੍ਹਾਂ ਕਿਹਾ ਕਿ ਮਣੀਪੁਰ ਦੇ ਲੋਕ ਜੋ ਗੁਆ ਚੁੱਕੇ ਹਨ, ਉਹ ਵਾਪਸ ਲੈ ਕੇ ਆਉਣਗੇ। ਉਹ ਮਣੀਪੁਰ ਦੇ ਲੋਕਾਂ ਦੇ ਦਰਦ ਨੂੰ ਸਮਝਦੇ ਹਨ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਉਹ ਸਭ ਕੁਝ ਵਾਪਸ ਲਿਆਵਾਂਗੇ ਜੋ ਤੁਸੀਂ ਗੁਆ ਦਿੱਤਾ ਹੈ, ਅਸੀਂ ਉਸ ਸਦਭਾਵਨਾ, ਸ਼ਾਂਤੀ ਅਤੇ ਨਿੱਘ ਨੂੰ ਵਾਪਸ ਲਿਆਵਾਂਗੇ ਜਿਸ ਲਈ ਇਹ ਰਾਜ ਹਮੇਸ਼ਾ ਜਾਣਿਆ ਜਾਂਦਾ ਹੈ। ਦਿਨ ਦੀ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ, ਇਹ ਯਾਤਰਾ ਸ਼ਾਮ ਨੂੰ ਇੰਫਾਲ ਦੇ ਕੋਇਰੇਂਗੇਈ ਬਾਜ਼ਾਰ ਵਿੱਚ ਰੁਕੀ। ਅੱਜ ਉਹ ਇੰਫਾਲ ਦੇ ਸੇਕਮਾਈ ਸਥਿਤ ਕੌਜ਼ੇਂਗਲੀਮਾ ਸਪੋਰਟਸ ਐਸੋਸੀਏਸ਼ਨ ਫੁੱਟਬਾਲ ਮੈਦਾਨ ‘ਤੇ ਰਾਤ ਠਹਿਰਣਗੇ।
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਇਹ ਯਾਤਰਾ 67 ਦਿਨਾਂ ‘ਚ 15 ਰਾਜਾਂ ਦੇ 100 ਲੋਕ ਸਭਾ ਹਲਕਿਆਂ ਅਤੇ 110 ਜ਼ਿਲਿਆਂ ‘ਚੋਂ ਲੰਘਦੀ ਹੋਈ ਬੱਸ ਅਤੇ ਪੈਦਲ 6713 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਯਾਤਰਾ 20 ਜਾਂ 21 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
