ਵਾਰਾਣਸੀ, 14 ਜਨਵਰੀ (ਹਿ.ਸ.)। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਅੱਤਲ ਪ੍ਰਧਾਨ ਸੰਜੇ ਸਿੰਘ ‘ਬਬਲੂ’ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ ‘ਚ ਸੰਜੇ ਸਿੰਘ ਵਲੋਂ ਥਾਣਾ ਭੇਲੂਪੁਰ ‘ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਭੇਲੂਪੁਰ ਥਾਣਾ ਖੇਤਰ ਦੇ ਕਬੀਰ ਨਗਰ ਦੁਰਗਾਕੁੰਡ ਦੇ ਰਹਿਣ ਵਾਲੇ ਸੰਜੇ ਸਿੰਘ ਨੂੰ 12 ਜਨਵਰੀ ਦੀ ਰਾਤ 8.30 ਤੋਂ 9 ਵਜੇ ਦੇ ਦਰਮਿਆਨ ਉਨ੍ਹਾਂ ਦੇ ਦੋਵੇਂ ਫੋਨ ਨੰਬਰਾਂ ’ਤੇ ਅਣਪਛਾਤੇ ਨੰਬਰ ਤੋਂ ਕਾਲ ਆਈ। ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਕਿਉਂਕਿ ਇਹ ਅਣਜਾਣ ਫੋਨ ਨੰਬਰ ਸੀ। ਫਿਰ 13 ਜਨਵਰੀ ਨੂੰ ਬਾਅਦ ਦੁਪਹਿਰ ਜਦੋਂ ਉਸੇ ਨੰਬਰ ਤੋਂ ਦੁਬਾਰਾ ਕਾਲ ਆਈ ਤਾਂ ਉਨ੍ਹਾਂ ਨੇ ਰਿਸੀਵ ਕੀਤਾ।
ਜਿਵੇਂ ਹੀ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਡਰ ਦੇ ਮਾਰੇ ਮੈਂ (ਸੰਜੇ ਸਿੰਘ) ਨੇ ਫੋਨ ਕੱਟ ਦਿੱਤਾ। ਜਦੋਂ ਉਸੇ ਨੰਬਰ ਤੋਂ ਦੁਬਾਰਾ ਫੋਨ ਆਇਆ ਤਾਂ ਅਸੀਂ ਪੁੱਛਿਆ ਕਿ ਮਾਮਲਾ ਕੀ ਹੈ ਤਾਂ ਫੋਨ ਕਰਨ ਵਾਲੇ ਨੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਸੰਜੇ ਸਿੰਘ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਮਾਮਲੇ ‘ਚ ਸ਼ਨੀਵਾਰ ਨੂੰ ਸੰਜੇ ਸਿੰਘ ਦੀ ਤਰਫੋਂ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਆਈਪੀਸੀ ਦੀ ਧਾਰਾ 504 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਦੁਰਗਾਕੁੰਡ ਚੌਕੀ ਦੇ ਇੰਚਾਰਜ ਅਨੁਰਾਗ ਮਿਸ਼ਰਾ ਨੂੰ ਦਿੱਤੀ ਗਈ। ਚੌਕੀ ਇੰਚਾਰਜ ਅਨੁਸਾਰ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
