ਫਾਜ਼ਿਲਕਾ, 11 ਜਨਵਰੀ (ਹਿ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਉਪਲੱਬਧ ਕਰਵਾਉਣ ਲਈ ਸ਼ੁਰੂ ਕੀਤੀ 1076 ਹੈਲਪਲਾਈਨ ਸੇਵਾ ਲੋਕਾਂ ਵਿਚ ਮਕਬੂਲ ਹੋ ਰਹੀ ਹੈ। ਇਸ ਤਹਿਤ ਕੋਈ ਵੀ ਨਾਗਰਿਕ ਫੋਨ ਨੰਬਰ 1076 ਤੇ ਕਾਲ ਕਰਕੇ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਲਈ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾ ਸਕਦਾ ਹੈ ਭਾਵ 43 ਪ੍ਰਕਾਰ ਦੇ ਸਰਕਾਰੀ ਕੰਮਾਂ ਲਈ ਕਿਸੇ ਵੀ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਸਗੋਂ ਦਫ਼ਤਰ ਚੱਲ ਕੇ ਲੋਕਾਂ ਦੇ ਘਰ ਪਹੁੰਚਦਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਹਿਤ ਵੱਖ ਵੱਖ ਤਰਾਂ ਦੀਆਂ ਸਰਕਾਰੀ ਸੇਵਾਵਾਂ ਲੋਕਾਂ ਨੂੰ ਉਪਲੱਬਧ ਕਰਵਾਉਣ ਲਈ ਜ਼ਿਲ੍ਹੇ ਵਿਚ 6 ਪ੍ਰਤੀਨਿਧ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 328 ਲੋਕਾਂ ਨੇ ਇਸ ਤਰੀਕੇ ਨਾਲ ਸਰਕਾਰੀ ਸੇਵਾਵਾਂ ਲਈ ਅਰਜੀ ਦਿੱਤੀ ਅਤੇ ਇੰਨ੍ਹਾਂ ਵਿਚ 255 ਨੂੰ ਘਰ ਬੈਠਿਆਂ ਹੀ ਸੇਵਾ ਉਪਲਬੱਧ ਕਰਵਾ ਦਿੱਤੀ ਗਈ ਹੈ ਅਤੇ ਬਾਕੀ ਅਰਜੀਆਂ ਨਿਰਧਾਰਤ ਸਮਾਂ ਹੱਦ ਦੇ ਅੰਦਰ ਕਾਰਵਾਈ ਅਧੀਨ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਲੋਕਾਂ ਦਾ ਦਫ਼ਤਰਾਂ ਵਿਚ ਆਉਣ ਜਾਣ ਦਾ ਸਮਾਂ ਬਚਦਾ ਹੈ ਅਤੇ ਉਹ ਆਪਣੀ ਸੁਵਿਧਾ ਅਨੁਸਾਰ ਸਰਕਾਰੀ ਨੁਮਾਇੰਦੇ ਨੂੰ ਘਰ ਬੁਲਾ ਸਕਦੇ ਹਨ। ਜਿੱਥੇ ਸਰਕਾਰੀ ਨੁਮਾਇੰਦਾ ਨਾਗਰਿਕ ਦੇ ਘਰ ਆ ਕੇ ਉਸਦੀ ਅਰਜੀ ਲੈਂਦਾ ਹੈ, ਫੋਟੋ ਅਤੇ ਹੋਰ ਦਸਤਾਵੇਜ ਪ੍ਰਾਪਤ ਕਰਦਾ ਹੈ ਅਤੇ ਕੰਮ ਹੋਣ ਤੋਂ ਬਾਅਦ ਸਰਟੀਫਿਕੇਟ ਵੀ ਘਰ ਪਹੁੰਚਾਉਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਹਿਤ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ, ਆਮਦਨ ਸਰਟੀਫਿਕੇਟ, ਹਲਫੀਆਂ ਬਿਆਨ, ਭਾਰ ਰਹਿਤ ਸਰਟੀਫਿਕੇਟ, ਜਮਾਂਬੰਦੀ ਕਢਵਾਉਣ ਸਬੰਧੀ, ਜਮੀਨ ਦੀ ਨਿਸ਼ਾਨਦੇਹੀ, ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਐਸ ਸੀ, ਬੀਸੀ ਸਰਟੀਫਿਕੇਟ ਆਦਿ ਵਰਗੀਆਂ ਕੁੱਲ 43 ਸੇਵਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਸੇਵਾ ਕੇਂਦਰ ਤੇ ਲੱਗਣ ਵਾਲੀ ਫੀਸ ਤੋਂ ਇਲਾਵਾ 120 ਰੁਪਏ ਦੀ ਪ੍ਰਤੀ ਸਰਵਿਸ ਵਿਜਿਟ ਫੀਸ ਅਲਗ ਤੋਂ ਲਾਗੂ ਹੈ। ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ ਲੋਕ ਲਗਭਗ 100 ਸਰਕਾਰੀ ਸੇਵਾਵਾਂ ਲਈ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ https://connect.punjab.gov.in/ ’ਤੇ ਵੀ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਲੋਕ ਐਮ ਸੇਵਾ ਮੋਬਾਇਲ ਐਪ ਵੀ ਡਾਊਨਲੋਡ ਕਰ ਸਕਦੇ ਹਨ। ਪਰ ਇਸ ਤਰੀਕੇ ਨਾਲ ਅਪਲਾਈ ਕਰਨ ਸਮੇਂ ਨਾਗਰਿਕ ਆਪਣਾ ਯੂਜਰ ਨੇਮ ਅਤੇ ਪਾਸਵਰਡ ਯਾਦ ਰੱਖਣ ਅਤੇ ਸਾਰੇ ਦਸਤਾਵੇਜ ਅਪਲੋਡ ਕਰਨ ਅਤੇ ਅਪਲਾਈ ਕਰਨ ਤੋਂ ਬਾਅਦ ਸਮੇਂ ਸਮੇਂ ਤੇ ਆਪਣਾ ਅਕਾਉਂਟ ਚੈਕ ਕਰਦੇ ਰਹਿਣ। ਇਸ ਤਹਿਤ ਵੀ ਸਰਟੀਫਿਕੇਟ ਬਣ ਜਾਣ ਤੇ ਨਾਗਰਿਕ ਨੂੰ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
