ਟੋਕਿਓ, 09 ਜਨਵਰੀ (ਹਿ. ਸ.)। ਜਾਪਾਨ ’ਚ ਮੰਗਲਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ। ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਜਾਪਾਨ ਦੇ ਹੋਨਸ਼ੂ ਦੇ ਪੱਛਮੀ ਤੱਟ ਨੇੜੇ ਦੁਪਹਿਰ 2:29 ਵਜੇ ਦੇ ਕਰੀਬ 6.0 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਅਜੇ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਜਾਪਾਨ ਸਾਗਰ ਦੇ ਤੱਟ ‘ਤੇ ਆਇਆ, ਜਿਸ ਨਾਲ ਦੇਸ਼ ਦੇ ਉਸੇ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਥੇ 1 ਜਨਵਰੀ ਨੂੰ ਇੱਕ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਤਬਾਹੀ ਹੋਈ ਸੀ। ਨਵੇਂ ਸਾਲ ਦੇ ਦਿਨ ਆਏ ਭੂਚਾਲ ਕਾਰਨ ਮੱਧ ਜਾਪਾਨ ਦੇ ਕੁਝ ਹਿੱਸਿਆਂ ‘ਚ ਕਾਫੀ ਨੁਕਸਾਨ ਹੋਇਆ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ ਅਤੇ 100 ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਕਾਰਨ ਇੱਥੇ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਜਾਪਾਨ ਵਿੱਚ 1 ਜਨਵਰੀ ਤੋਂ ਲਗਾਤਾਰ ਭੂਚਾਲ ਆ ਰਹੇ ਹਨ। ਐਤਵਾਰ ਨੂੰ ਵੀ ਹੋਨਸ਼ੂ ਦੇ ਪੱਛਮੀ ਤੱਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
