ਟੋਕੀਓ, 09 ਜਨਵਰੀ (ਹਿ.ਸ.)। ਨਵੇਂ ਸਾਲ ਦੇ ਦਿਨ ਜਾਪਾਨ ‘ਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਲੱਗੀ ਅੱਗ ਨੇ ਇਸ਼ੀਕਾਵਾ ਪ੍ਰੀਫੈਕਚਰ ‘ਚ ਭਾਰੀ ਤਬਾਹੀ ਮਚਾਈ ਹੈ। ਸੈਂਕੜੇ ਘਰ ਅਤੇ ਦੁਕਾਨਾਂ ਢਹਿ ਗਈਆਂ ਹਨ। ਪੁਲਿਸ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ। ਇਸ ਸੂਬੇ ਵਿੱਚ ਹੁਣ ਤੱਕ 180 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਸਥਾਨਕ ਅਖਬਾਰ ਦਿ ਜਾਪਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਮੰਗਲਵਾਰ ਨੂੰ ਇਸ਼ੀਕਾਵਾ ਪ੍ਰੀਫੈਕਚਰ ਵਿੱਚ ਅੱਗ ਨਾਲ ਤਬਾਹ ਹੋਏ ਇੱਕ ਬਾਜ਼ਾਰ ਦੇ ਸੜੇ ਹੋਏ ਅਵਸ਼ੇਸ਼ਾਂ ਦੀ ਪੁਲਿਸ ਨੇ ਖੋਜ ਕੀਤੀ। ਇਸ ਦੌਰਾਨ ਕਈ ਲਾਸ਼ਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ 180 ਹੋ ਗਈ ਹੈ। ਇਨ੍ਹਾਂ ਵਿੱਚ ਵਜੀਮਾ ਸ਼ਹਿਰ ਦੇ 81 ਲੋਕ ਵੀ ਸ਼ਾਮਲ ਹਨ। ਕਰੀਬ 100 ਬਚਾਅ ਕਰਮਚਾਰੀਆਂ ਨੇ ਵਜੀਮਾ ਮੌਰਨਿੰਗ ਮਾਰਕੀਟ ‘ਚ ਲਾਪਤਾ ਲੋਕਾਂ ਦੀ ਭਾਲ ਕੀਤੀ।
ਰਿਪੋਰਟਾਂ ਦੇ ਅਨੁਸਾਰ ਬਰਫਬਾਰੀ, ਮੀਂਹ ਅਤੇ ਡਿੱਗਦੇ ਤਾਪਮਾਨ ਨੇ ਇਸ਼ੀਕਾਵਾ ਵਿੱਚ ਰਾਹਤ ਕਾਰਜਾਂ ਨੂੰ ਔਖਾ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 1 ਜਨਵਰੀ ਨੂੰ 7.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਵੱਡੀ ਗਿਣਤੀ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
