ਲੁਧਿਆਣਾ, 25 ਦਸੰਬਰ (ਹਿ. ਸ.)। ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵਲੋਂ ਡਿਜੀਟਲ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜਾਰੀ ਹੁਕਮਾਂ ਤਹਿਤ 02 ਜਨਵਰੀ 2024 ਤੱਕ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਇਸ ਡਿਜ਼ੀਟਲ ਮੋਬਾਇਲ ਵੈਨ ਰਾਹੀਂ ਜਾਗਰੂਕ ਕਰਦੇ ਹੋਏ ਨਾਗਰਿਕਾਂ ਨੂੰ ਵੋਟ ਦੇ ਮਹੱਤਵ ਅਤੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਮੁਲਕ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿੱਚੋਂ ਇੱਕ ਹੈ। ਡਿਜੀਟਲ ਮੋਬਾਇਲ ਰਾਹੀਂ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਨਾਗਰਿਕਾਂ ਦੀ ਵੋਟ ਨਹੀਂ ਬਣੀ ਹੈ, ਵੋਟ ਕਿਵੇਂ ਪਾਣੀ ਹੈ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਵੈਨ ਈ.ਵੀ.ਐਮ., ਵੀ.ਵੀ.ਪੈਟ, ਐਲ.ਈ.ਡੀ. ਨਾਲ ਲੈਸ ਹੈ ਜੋ ਵੱਖ-ਵੱਖ ਸਕੂਲਾਂ, ਕਾਲਜ਼ਾਂ ਅਤੇ ਮੁਹੱਲਿਆਂ ਵਿੱਚ ਜਾਵੇਗੀ। ਆਮ ਲੋਕਾਂ ਵਲੋਂ ਡੈਮੋ ਵੋਟਾਂ ਪਾ ਕੇ ਵੀ ਵੇਖੀਆਂ ਜਾ ਸਕਦੀਆਂ ਹਨ ਐਲ.ਈ.ਡੀ. ਵਿੱਚ ਵੋਟਾਂ ਦੇ ਸਬੰਧ ਵਿੱਚ ਵੀਡੀਓ ਵੀ ਦਿਖਾਈਆਂ ਜਾਣਗੀਆਂ ਜਿਸ ਰਾਹੀਂ ਆਮ ਜਨਤਾ ਨੂੰ ਵੋਟਾਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
