ਮੈਡ੍ਰਿਡ, 15 ਦਸੰਬਰ (ਹਿ.ਸ.)। ਰੀਅਲ ਬੇਟਿਸ ਵੀਰਵਾਰ ਰਾਤ ਨੂੰ ਰੇਂਜਰਸ ਤੋਂ ਘਰੇਲੂ ਮੈਦਾਨ ‘ਤੇ 3-2 ਨਾਲ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਯੂਈਐੱਫਏ ਯੂਰੋਪਾ ਲੀਗ ਤੋਂ ਬਾਹਰ ਹੋ ਗਈ। ਇਸ ਹਾਰ ਦੇ ਨਾਲ ਹੀ ਲਿਮਾਸੋਲ ਵਿੱਚ ਸਪਾਰਟਾ ਪ੍ਰਾਗ ਦੀ ਜਿੱਤ ਦੇ ਨਾਲ, ਬੇਟਿਸ ਆਪਣੇ ਗਰੁੱਪ ਦੇ ਸਿਖਰ ਤੋਂ ਤੀਜੇ ਸਥਾਨ ‘ਤੇ ਖਿਸਕ ਗਿਆ।
ਅਬਦੁੱਲਾ ਸਿਮਾ ਨੇ 10ਵੇਂ ਮਿੰਟ ਵਿੱਚ ਸੱਜੇ ਪੈਰ ਦੇ ਸ਼ਾਟ ਨਾਲ ਰੇਂਜਰਸ ਦਾ ਖਾਤਾ ਖੋਲ੍ਹਿਆ, ਹਾਲਾਂਕਿ, ਜੁਆਨ ਮਿਰਾਂਡਾ ਨੇ ਚਾਰ ਮਿੰਟ ਬਾਅਦ ਬੇਟਿਸ ਲਈ ਗੋਲ ਕਰਕੇ ਬਰਾਬਰੀ ਕਰਵਾ ਲਈ। ਇਸ ਤੋਂ ਬਾਅਦ 20ਵੇਂ ਮਿੰਟ ‘ਚ ਸਿਰਿਏਲ ਡੇਸਰਸ ਨੇ ਇਕ ਹੋਰ ਗੋਲ ਕਰਕੇ ਰੇਂਜਰਸ ਦੀ ਬੜ੍ਹਤ 2-1 ਨਾਲ ਵਧਾ ਦਿੱਤੀ।
ਬੇਟਿਸ ਲਈ ਇਸਕੋ ਅਤੇ ਅਯੋਜੇ ਪੇਰੇਜ਼ ਨੇ ਮਿਲ ਕੇ 37ਵੇਂ ਮਿੰਟ ਵਿੱਚ ਇੱਕ ਹੋਰ ਸ਼ਾਨਦਾਰ ਗੋਲ ਕਰਕੇ ਮੈਚ 2-2 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ, ਕੇਮਾਰ ਰੂਫ ਨੇ ਮੈਚ ਦੇ 78ਵੇਂ ਮਿੰਟ ਵਿੱਚ ਗੋਲ ਕਰਕੇ ਰੇਂਜਰਸ ਨੂੰ 3-2 ਦੀ ਬੜ੍ਹਤ ਦਿਵਾਈ ਅਤੇ ਟੀਮ ਦੀ ਜਿੱਤ ਯਕੀਨੀ ਬਣਾਈ।
ਇਸ ਤੋਂ ਇਲਾਵਾ ਗਰੁੱਪ ਐੱਫ ਦੇ ਇੱਕ ਹੋਰ ਮੈਚ ਵਿੱਚ ਵੀ, ਵਿਲਾਰੀਅਲ ਨੇ ਰੇਨੇਸ ਉੱਤੇ 3-2 ਦੀ ਜਿੱਤ ਤੋਂ ਬਾਅਦ ਆਪਣੇ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਜੇਰਾਰਡ ਮੋਰੇਨੋ ਨੇ 36ਵੇਂ ਮਿੰਟ ਵਿੱਚ ਪੈਨਲਟੀ ਸਪਾਟ ਤੋਂ ਗੋਲ ਕਰਕੇ ਵਿਲਾਰੀਅਲ ਨੂੰ ਅੱਗੇ ਕਰ ਦਿੱਤਾ, ਸਿਰਫ ਇੱਕ ਮਿੰਟ ਬਾਅਦ ਲੋਰੇਂਜ਼ ਅਸੁਿਨਾਨ ਨੇ ਰੇਨੇਸ ਲਈ ਬਰਾਬਰੀ ਕਰ ਦਿੱਤੀ। ਦੂਜੇ ਹਾਫ ਵਿੱਚ ਏਲੀਅਸ ਅਖੋਮਾਚ ਨੇ ਗੋਲ ਕਰਕੇ ਵਿਲਾਰੀਅਲ ਨੂੰ ਫਿਰ ਅੱਗੇ ਕਰ ਦਿੱਤਾ, ਹਾਲਾਂਕਿ ਲੁਡੋਵਿਕ ਬਲਾਸ ਨੇ ਇੱਕ ਵਾਰ ਫਿਰ 79ਵੇਂ ਮਿੰਟ ਵਿੱਚ ਰੇਨੇਸ ਲਈ ਗੋਲ ਕਰਕੇ ਬਰਾਬਰੀ ਕਰ ਦਿੱਤੀ। ਇੱਕ ਮਿੰਟ ਬਾਅਦ, ਦਾਨੀ ਪਰੇਜੋ ਨੇ ਗੋਲ ਕਰਕੇ ਵਿਲਾਰੀਅਲ ਨੂੰ 3-2 ਨਾਲ ਜਿੱਤ ਦਿਵਾਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
