ਹੁਸ਼ਿਆਰਪੁਰ, 13 ਦਸੰਬਰ (ਹਿ. ਸ.)। ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਰਾਜ ਪੱਧਰੀ ਬਾਲ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸੂਬੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਗਰੁੱਪ ਲੋਕ ਗੀਤ, ਗਰੁੱਪ ਲੋਕ ਨਾਚ ਅਤੇ ਕਵਿਤਾ ਗਾਇਨ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਬਾਲ ਭਲਾਈ ਕੌਂਸਲ ਵੱਲੋਂ ਵੱਖ-ਵੱਖ ਜੇਤੂ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਐੱਸ. ਡੀ. ਐੱਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਬਾਲ ਭਲਾਈ ਕੌਂਸਲ ਪੰਜਾਬ ਦੀ ਚੇਅਰਪਰਸਨ ਪ੍ਰਾਜਕਤਾ ਅਵਧ ਨੀਲਕੰਠ ਅਤੇ ਸਕੱਤਰ ਡਾ. ਪ੍ਰੀਤਮ ਸੰਧੂ ਨੇ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ। ਉਨ੍ਹਾਂ ਨਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਵੀ ਹਾਜ਼ਰ ਸਨ। ਮੁੱਖ ਮਹਿਮਾਨ ਬੈਂਸ ਨੇ ਕਿਹਾ ਕਿ ਅਜਿਹੇ ਮੁਕਾਬਲੇ ਸਾਨੂੰ ਸੰਘਰਸ਼ ਰਾਹੀਂ ਜ਼ਿੰਦਗੀ ਵਿਚ ਅੱਗੇ ਵਧਣਾ ਸਿਖਾਉਂਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਭਾਵੇਂ ਵਿੱਦਿਆ ਹੋਵੇ, ਕਲਾ ਹੋਵੇ ਜਾਂ ਖੇਡਾਂ, ਉਨ੍ਹਾਂ ਨੂੰ ਵੱਧ ਤੋਂ ਵੱਧ ਮੁਕਾਬਲਿਆਂ ਵਿਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਆਪਣੇ ਆਪ ਨੂੰ ਬਚਾਉਣ ਅਤੇ ਹੋਰਨਾਂ ਨੂੰ ਵੀ ਇਸ ਨਾਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ।
ਇਸ ਮੌਕੇ ਬਾਲ ਭਲਾਈ ਕੌਂਸਲ ਪੰਜਾਬ ਦੀ ਚੇਅਰਪਰਸਨ ਪ੍ਰਾਜਕਤਾ ਅਵਧ ਨੀਲਕੰਠ ਨੇ ਦੱਸਿਆ ਕਿ ਕੌਂਸਲ ਵੱਲੋਂ ਹਰ ਸਾਲ ਵੱਖ-ਵੱਖ ਜ਼ਿਲ੍ਹਿਆਂ ਵਿਚ ਬਾਲ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿਚ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਭਾਗ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਾਲ ਭਲਾਈ ਕੌਂਸਲ ਬੱਚਿਆਂ ਦੀ ਭਲਾਈ ਨਾਲ ਸਬੰਧਤ ਗਤੀਵਿਧੀਆਂ ਕਰਦੀ ਹੈ, ਜਿਸ ਵਿਚ ਸ਼ਾਮ ਦੀਆਂ ਕਲਾਸਾਂ, ਕਰੈਚ ਸੈਂਟਰ, ਗਾਈਡ ਹੈਲਪ ਲਾਈਨ, ਆਰਟ ਵਰਕਸ਼ਾਪ, ਸ਼ੌਕ ਕਲਾਸਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕਲਾਸਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਅੱਜ ਹੋਏ ਰਾਜ ਪੱਧਰੀ ਮੁਕਾਬਲੇ ਵਿਚ ਗਰੁੱਪ ਲੋਕ ਗੀਤ ਵਿਚ ਜਲੰਧਰ ਪਹਿਲੇ, ਫਰੀਦਕੋਟ ਦੂਜੇ ਅਤੇ ਹੁਸ਼ਿਆਰਪੁਰ ਤੀਜੇ ਸਥਾਨ ’ਤੇ ਰਿਹਾ। ਲੋਕ ਨਾਚ ਸੰਮੀ ਵਿਚ ਫਰੀਦਕੋਟ ਪਹਿਲੇ, ਗੁਰਦਾਸਪੁਰ ਦੂਜੇ ਅਤੇ ਹੁਸ਼ਿਆਰਪੁਰ ਤੀਜੇ ਸਥਾਨ ’ਤੇ ਰਿਹਾ। ਕਵਿਤਾ ਗਾਇਨ ਮੁਕਾਬਲੇ ਵਿਚ ਬਰਨਾਲਾ ਦੀ ਗੁਨੀਤ ਸ਼ਰਮਾ ਪਹਿਲੇ, ਹੁਸ਼ਿਆਰਪੁਰ ਦੀ ਵੰਸ਼ਿਕਾ ਦੂਜੇ ਅਤੇ ਫ਼ਰੀਦਕੋਟ ਦੀ ਹਰਲੀਨ ਤੀਜੇ ਸਥਾਨ ’ਤੇ ਰਹੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
