ਮੁੰਬਈ, 09 ਦਸੰਬਰ (ਹਿ. ਸ.)। ਤਾਮਿਲਨਾਡੂ ਚੱਕਰਵਾਤ ਨਾਲ ਬਹੁਤ ਪ੍ਰਭਾਵਿਤ ਹੈ। ਚੇਨਈ ‘ਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਚੇਨਈ ਦੇ ਕਈ ਨੀਵੇਂ ਇਲਾਕਿਆਂ ‘ਚ ਪਾਣੀ ਜਮ੍ਹਾ ਹੋ ਗਿਆ ਹੈ। ਸੁਪਰਸਟਾਰ ਰਜਨੀਕਾਂਤ ਦੇ ਘਰ ਵੀ ਪਾਣੀ ਭਰ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਭਿਨੇਤਾ ਰਜਨੀਕਾਂਤ ਦਾ ਘਰ ਚੇਨਈ ਦੇ ਪੋਸ ਗਾਰਡਨ ਇਲਾਕੇ ‘ਚ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਰਜਨੀਕਾਂਤ ਦੇ ਘਰ ਦੇ ਕੋਲ ਪਾਣੀ ਜਮ੍ਹਾ ਹੋ ਗਿਆ ਹੈ। ਘਰ ਦੇ ਸਾਹਮਣੇ ਵਾਲੀ ਸੜਕ ਪਾਣੀ ਵਿਚ ਡੁੱਬ ਗਈ ਹੈ। ਜਦੋਂ ਤੂਫਾਨ ਆਇਆ ਤਾਂ ਰਜਨੀਕਾਂਤ ਅਤੇ ਉਨ੍ਹਾਂ ਦਾ ਪਰਿਵਾਰ ਚੇਨਈ ‘ਚ ਨਹੀਂ ਸੀ। ਉਨ੍ਹਾਂ ਦੇ ਘਰ ਦਾ ਵੀਡੀਓ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਅਪਲੋਡ ਕੀਤਾ ਹੈ। ਰਜਨੀਕਾਂਤ ਫਿਲਹਾਲ ਥਲਾਈਵਰ 170 ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਉਹ ਇਸ ਫਿਲਮ ਦੀ ਸ਼ੂਟਿੰਗ ਲਈ ਬਾਹਰ ਸਨ।
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਭਾਵ ਅਭਿਨੇਤਾ ਆਮਿਰ ਖਾਨ ਵੀ ਚੇਨਈ ਦੇ ਹੜ੍ਹ ‘ਚ ਫਸ ਗਏ ਸਨ। ਅਭਿਨੇਤਾ ਵਿਸ਼ਨੂੰ ਵਿਸ਼ਾਲ ਨੇ ਚੇਨਈ ਫਾਇਰ ਬ੍ਰਿਗੇਡ ਦੁਆਰਾ ਆਪਣੇ ਬਚਾਅ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਉਸ ਤਸਵੀਰ ‘ਚ ਆਮਿਰ ਖਾਨ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਚੇਨਈ ਅਤੇ ਆਸ-ਪਾਸ ਦੇ ਤੂਫਾਨ ਪ੍ਰਭਾਵਿਤ ਖੇਤਰਾਂ ਦਾ ਹਵਾਈ ਨਿਰੀਖਣ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨਾਲ ਉੱਚ ਪੱਧਰੀ ਬੈਠਕ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਤਾਮਿਲਨਾਡੂ ’ਚ ਤੂਫਾਨ ਅਤੇ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਨ ਅਤੇ 450 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ 450 ਕਰੋੜ ਰੁਪਏ ਦੀ ਦੂਜੀ ਕਿਸ਼ਤ ਦੇ ਭੁਗਤਾਨ ਦੇ ਨਿਰਦੇਸ਼ ਦਿੱਤੇ ਹਨ। ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਭਾਰੀ ਨੁਕਸਾਨ ਝੱਲ ਰਹੇ ਤਾਮਿਲਨਾਡੂ ਨੇ ਕੇਂਦਰ ਤੋਂ 5,600 ਕਰੋੜ ਰੁਪਏ ਦੀ ਸਹਾਇਤਾ ਮੰਗੀ ਸੀ। ਚੇਨਈ ਸਮੇਤ ਕੁਝ ਹੋਰ ਜ਼ਿਲਿਆਂ ਦੇ ਕੁਝ ਹਿੱਸੇ ਅਜੇ ਵੀ ਪਾਣੀ ‘ਚ ਹਨ। ਚੇਨਈ, ਤਿਰੂਵੱਲੁਰ, ਕਾਂਚੀਪੁਰਮ ਅਤੇ ਚੇਂਗਲਪੇਟ ਜ਼ਿਲ੍ਹਿਆਂ ਵਿੱਚ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
