ਨਵੀਂ ਦਿੱਲੀ, 05 ਦਸੰਬਰ (ਹਿ. ਸ.)। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਸਿਖਰ ’ਤੇ ਰਹਿੰਦਿਆਂ 2023 ਏਟੀਪੀ ਸੀਜ਼ਨ ਸਮਾਪਤ ਕੀਤਾ। ਉਨ੍ਹਾਂ ਨੇ ਰਿਕਾਰਡ ਅੱਠਵੀਂ ਵਾਰ ਸਿਖਰ ‘ਤੇ ਰਹਿੰਦਿਆਂ ਸਾਲ ਨੂੰ ਸਮਾਪਤ ਕੀਤਾ ਹੈੈ।
ਜੋਕੋਵਿਚ ਨੇ ਇਸ ਸਾਲ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿੱਚੋਂ ਤਿੰਨ ਜਿੱਤੇ, ਜਿਨ੍ਹਾਂ ਵਿੱਚ ਜਨਵਰੀ ਵਿੱਚ ਆਸਟ੍ਰੇਲੀਅਨ ਓਪਨ, ਜੂਨ ਵਿੱਚ ਫਰੈਂਚ ਓਪਨ ਅਤੇ ਜੁਲਾਈ ਵਿੱਚ ਯੂਐਸ ਓਪਨ ਸ਼ਾਮਲ ਹਨ। ਸਤੰਬਰ ਵਿੱਚ, ਉਨ੍ਹਾਂ ਨੇ ਯੂਐਸ ਓਪਨ ਜਿੱਤਿਆ ਅਤੇ ਆਪਣੇ ਕੁੱਲ ਕਰੀਅਰ ਦੇ ਗ੍ਰੈਂਡ ਸਲੈਮ ਖ਼ਿਤਾਬਾਂ ਨੂੰ ਰਿਕਾਰਡ 24 ਤੱਕ ਪਹੁੰਚਾਇਆ ਅਤੇ ਵਿੰਬਲਡਨ ਵਿੱਚ ਦੂਜੇ ਸਥਾਨ ‘ਤੇ ਰਹੇ। 36 ਸਾਲਾ ਸਟਾਰ ਖਿਡਾਰੀ ਨੇ ਟਿਊਰਿਨ ਵਿੱਚ ਕਾਰਲੋਸ ਅਲਕਰਾਜ਼ ਨੂੰ ਹਰਾ ਕੇ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ।
ਸਰਬੀਆਈ ਖਿਡਾਰੀ ਨੇ ਆਪਣਾ ਅੱਠਵਾਂ ਏਟੀਪੀ ਫਾਈਨਲ ਜਿੱਤਣ ਤੋਂ ਅਗਲੇ ਦਿਨ ਸੋਮਵਾਰ ਨੂੰ ਏਟੀਪੀ ਰੈਂਕਿੰਗ ਦੇ ਸਿਖਰ ‘ਤੇ ਰਹਿੰਦਿਆਂ ਆਪਣੇ ਇਤਿਹਾਸਕ 400ਵੇਂ ਹਫ਼ਤੇ ਦੀ ਸ਼ੁਰੂਆਤ ਕੀਤੀ। ਸਿਰਫ਼ ਰੋਜਰ ਫੈਡਰਰ (310 ਹਫ਼ਤੇ) ਨੇ 300 ਹਫ਼ਤਿਆਂ ਦਾ ਅੰਕੜਾ ਪਾਰ ਕੀਤਾ ਹੈ। ਜੋਕੋਵਿਚ ਨੇ ਸਾਲ ਦੇ ਅੰਤ ਵਿੱਚ ਸਭ ਤੋਂ ਵੱਧ ਸਿਖਰ 3 ’ਚ ਰਹਿਣ ਦੇ ਮਾਮਲੇ ’ਚ ਫੈਡਰਰ ਦੀ ਬਰਾਬਰੀ ਕਰ ਲਈ। ਜੋਕੋਵਿਚ ਦਾ ਏਟੀਪੀ ਦਰਜਾਬੰਦੀ ਵਿੱਚ ਸਿਖਰ ’ਤੇ ਇਹ 402ਵਾਂ ਹਫ਼ਤਾ ਹੈ ਅਤੇ ਉਨ੍ਹਾਂ ਦਾ 22 ਜਨਵਰੀ ਦੇ ਹਫ਼ਤੇ ਤੱਕ ਉੱਥੇ ਬਣੇ ਰਹਿਣਾ ਯਕੀਨੀ ਹੈ।
ਉਥੇ ਹੀ ਅਲਕਰਾਜ਼ ਲਗਾਤਾਰ ਦੂਜੀ ਵਾਰ ਸਾਲ ਦੇ ਅੰਤ ‘ਚ ਟਾਪ 2 ‘ਚ ਰਹੇ। 20 ਸਾਲਾ ਹੋਲਗਰ ਰੂਨ ਨੇ 8ਵੇਂ ਸਥਾਨ ‘ਤੇ ਸੀਜ਼ਨ ਖਤਮ ਕੀਤਾ। ਸਾਲ 2000 ਵਿੱਚ 20 ਸਾਲਾ ਮਾਰਟ ਸਫੀਨ (ਨੰਬਰ 2) ਅਤੇ 19 ਸਾਲਾ ਲੇਟਨ ਹੈਵਿਟ (ਨੰ. 7) ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ 20 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਦੋ ਖਿਡਾਰੀਆਂ ਨੇ ਸਿਖਰਲੇ 10 ਵਿੱਚ ਇੱਕ ਸਾਲ ਪੂਰਾ ਕੀਤਾ ਹੈ। ਡੇਨੀਅਲ ਮੇਦਵੇਦੇਵ ਨੇ ਤਿੰਨ ਸਾਲਾਂ ਵਿੱਚ ਦੂਜੀ ਵਾਰ ਨੰਬਰ 3 ਦਾ ਸਾਲ ਪੂਰਾ ਕੀਤਾ।
22 ਸਾਲਾ ਜੈਨਿਕ ਸਿਨਰ ਆਪਣੇ ਕਰੀਅਰ ਦੇ ਉੱਚੇ ਨੰਬਰ 4 ‘ਤੇ ਪਹੁੰਚ ਗਏ ਅਤੇ ਟੋਰਾਂਟੋ ਵਿੱਚ ਆਪਣੀ ਪਹਿਲੀ ਏਟੀਪੀ ਮਾਸਟਰਜ਼ 1000 ਟਰਾਫੀ ਜਿੱਤੀ। ਦੂਜੇ ਪਾਸੇ ਮੋਂਟੇ-ਕਾਰਲੋ ‘ਚ ਏਟੀਪੀ ਮਾਸਟਰਸ 1000 ਖਿਤਾਬ ਜਿੱਤਣ ਵਾਲੇ ਆਂਦ੍ਰੀ ਰੁਬਲੇਵ ਚੋਟੀ ਦੇ 5 ‘ਚ ਬਣੇ ਰਹੇ। ਸਟੀਫਾਨੋਸ ਸਿਤਸਿਪਾਸ ਨੇ ਲਗਾਤਾਰ ਪੰਜਵੀਂ ਵਾਰ ਸਾਲ ਦੇ ਅੰਤ ਵਿੱਚ ਚੋਟੀ ਦੇ 10 ਵਿੱਚ ਥਾਂ ਬਣਾਈ, ਜਦੋਂ ਕਿ ਜਰਮਨ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਨੇ ਜੂਨ 2022 ਵਿੱਚ ਗਿੱਟੇ ਦੀ ਗੰਭੀਰ ਸੱਟ ਤੋਂ ਬਾਅਦ ਚੋਟੀ ਦੇ 10 ਵਿੱਚ ਸ਼ਾਨਦਾਰ ਵਾਪਸੀ ਕੀਤੀ। ਪੋਲਿਸ਼ ਟੈਨਿਸ ਖਿਡਾਰੀ ਹੁਬਰਟ ਹੁਰਕਾਜ਼ ਨੇ ਸਾਲ ਦੇ ਅੰਤ ਵਿੱਚ ਸਿਖਰਲੇ 10 ਵਿੱਚ ਸੀਜ਼ਨ ਖਤਮ ਕੀਤਾ। 2024 ਦਾ ਏਟੀਪੀ ਟੂਰ ਸੀਜ਼ਨ 29 ਦਸੰਬਰ ਨੂੰ 18 ਦੇਸ਼ਾਂ ਦੇ ਯੂਨਾਈਟਿਡ ਕੱਪ ਨਾਲ ਸ਼ੁਰੂ ਹੋਵੇਗਾ, ਜੋ ਪਰਥ ਅਤੇ ਸਿਡਨੀ ਵਿੱਚ ਖੇਡਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
