ਖੰਨਾ, 28 ਨਵੰਬਰ (ਹਿ. ਸ.)। ਏਕਤਾ ਵੈਲਫੇਅਰ ਕਲੱਬ ਵਲੋਂ 9 ਦਸੰਬਰ ਨੂੰ ਸਾਹਮਣੇ ਨਾਮਦੇਵ ਮੰਦਰ, ਲਲਹੇੜੀ ਰੋਡ ਖੰਨਾ ਵਿਖੇ ਕਰਵਾਏ ਜਾ ਰਹੇ 20ਵੇਂ ਵਿਸ਼ਾਲ ਭਗਵਤੀ ਜਗਰਾਤੇ ਦਾ ਕਾਰਡ ਅੰਤਰਰਾਸ਼ਟਰੀ ਗਾਇਕਾ ਅਮਰ ਨੂਰੀ ਦੀ ਸਰਪ੍ਰਸਤੀ ਹੇਠ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਕਲੱਬ ਦੀ ਸਰਪ੍ਰਸਤ ਪ੍ਰਸਿੱਧ ਗਾਇਕਾ ਅਮਰ ਨੂਰੀ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਾਗਰਣ ਦੀ ਸਫਲਤਾ ਪੂਰਵਕ ਸੰਪੰਨਤਾ ਲਈ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਉਪਰੰਤ ਕਲੱਬ ਪ੍ਰਧਾਨ ਹੇਮੰਤ ਸ਼ਰਮਾ ਤੇ ਜਨਰਲ ਸਕੱਤਰ ਰਜਨੀਸ਼ ਸਦਾਵਰਤੀ ਨੇ ਦੱਸਿਆ ਕਿ ਕਲੱਬ ਵਲੋਂ ਇਹ ਲਗਾਤਾਰ 20 ਵਾਂ ਜਾਗਰਣ ਹੈ। ਪਹਿਲਾਂ ਇਹ ਜਾਗਰਣ ਕਲੱਬ ਵਲੋਂ ਮਰਮੂਹ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਂਦਾ ਸੀ ਅਤੇ ਹੁਣ ਉਨ੍ਹਾਂ ਦੀ ਪਤਨੀ ਅੰਤਰਰਾਸ਼ਟਰੀ ਗਾਇਕਾ ਅਮਰ ਨੂਰੀ ਕਲੱਬ ਦੀ ਸਰਪ੍ਰਸਤੀ ਕਰ ਰਹੀ ਹਨ। ਉਨ੍ਹਾਂ ਦੱਸਿਆ ਕਿ ਜਾਗਰਣ ਦੌਰਾਨ ਮਾਤਾ ਦੀ ਜੋਤ ਮਾਤਾ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ, ਜੋਤ ਲਿਆਉਣ ਦੀ ਸੇਵਾ ਅਨੰਤ ਕਰਿਆਨਾ ਸਟੋਰ ਵਾਲਿਆਂ ਵਲੋਂ ਨਿਭਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਾਗਰਣ ਵਿਚ ਸਾਂਸਦ ਪਦਮਸ਼੍ਰੀ ਹੰਸ ਰਾਜ ਹੰਸ ਤੋਂ ਇਲਾਵਾ ਇੰਟਰਨੈਸ਼ਨਲ ਗਾਇਕ ਰੋਸ਼ਨ ਪ੍ਰਿੰਸ, ਇੰਟਰਨੈਸ਼ਨਲ ਗਾਇਕ ਮਨੀ ਲਾਡਲਾ, ਸਾਰੰਗ ਸਿਕੰਦਰ, ਅਲਾਪ ਸਿਕੰਦਰ, ਪੰਡਿਤ ਵਿਸ਼ਵਜੀਤ, ਬਲਬੀਰ ਰਾਏ ਵਲੋਂ ਮਾਤਾ ਦੀਆਂ ਭੇਟਾਵਾਂ ਦਾ ਗੁਣਗਾਣ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
