ਇਸਲਾਮਾਬਾਦ/ਬੀਜਿੰਗ/ਪੋਰਟ ਮੋਰੇਸਬੀ, 28 ਨਵੰਬਰ (ਹਿ.ਸ.)। ਭਾਰਤ ਦੇ ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਚੀਨ ਤੋਂ ਇਲਾਵਾ ਪਾਪੂਆ ਨਿਊ ਗਿਨੀ ਵਿੱਚ ਅੱਜ (ਮੰਗਲਵਾਰ) ਤੜਕੇ ਆਏ ਭੂਚਾਲ ਕਾਰਨ ਲੋਕ ਸਹਿਮ ਗਏ। ਤਿੰਨਾਂ ਦੇਸ਼ਾਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਪਾਪੂਆ ਨਿਊ ਗਿਨੀ ਦੇ ਉੱਤਰੀ ਤੱਟ ‘ਤੇ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਦੇ ਝਟਕੇ ਪੈਸੀਫਿਕ ਟਾਪੂ ਦੇ ਪੂਰਬੀ ਸੇਪਿਕ ਸੂਬੇ ਦੀ ਰਾਜਧਾਨੀ ਵੇਵਾਕ ਸ਼ਹਿਰ ਤੋਂ ਥੋੜੀ ਦੂਰੀ ‘ਤੇ ਤੱਟ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੂਰ ਮਹਿਸੂਸ ਕੀਤੇ ਗਏ।
ਇਸ ਤੋਂ ਇਲਾਵਾ ਪਾਕਿਸਤਾਨ ਅਤੇ ਚੀਨ ਵੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਏ। ਚੀਨ ਦੇ ਜਿਜਾਂਗ ‘ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਅਤੇ ਪਾਕਿਸਤਾਨ ‘ਚ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਤਿੰਨਾਂ ਦੇਸ਼ਾਂ ਤੋਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕਾਰਨ ਘੱਟੋ-ਘੱਟ 157 ਲੋਕ ਮਾਰੇ ਗਏ ਸਨ। ਭਾਰਤ ਸਰਕਾਰ ਨੇ ਨੇਪਾਲ ਨੂੰ ਕਾਫੀ ਮਦਦ ਦਿੱਤੀ ਅਤੇ ਰਾਹਤ ਸਮੱਗਰੀ ਭੇਜੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਲੋਕਾਂ ਦਾ ਭਾਰਤ ਵਿਚ ਇਲਾਜ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
