ਕਾਠਮਾਂਡੂ, 17 ਨਵੰਬਰ (ਹਿ.ਸ.)। ਨੇਪਾਲ ਵਿੱਚ ਚੀਨੀ ਐਪ ਟਿੱਕਟੌਕ ਨੂੰ ਬੈਨ ਕਰਨ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਨੇਪਾਲ ਸਰਕਾਰ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਅੱਠ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਅਦਾਲਤ ਨੇ ਸੋਮਵਾਰ ਤੋਂ ਸਾਰੀਆਂ ਰਿੱਟ ਪਟੀਸ਼ਨਾਂ ‘ਤੇ ਇਕੱਠੇ ਸੁਣਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਨੇਪਾਲ ਸਰਕਾਰ ਨੇ ਡਾਟਾ ਸੁਰੱਖਿਆ ਦੀ ਸੰਵੇਦਨਸ਼ੀਲਤਾ ਅਤੇ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਦਾ ਹਵਾਲਾ ਦਿੰਦੇ ਹੋਏ ਪਿਛਲੇ ਹਫਤੇ ਚੀਨੀ ਐਪ ਟਿੱਕਟੌਕ ‘ਤੇ ਪਾਬੰਦੀ ਲਗਾ ਦਿੱਤੀ ਸੀ। ਸੱਤਾਧਾਰੀ ਗੱਠਜੋੜ ਸਮੇਤ ਇਕ ਵਰਗ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਖੜ੍ਹਾ ਹੋ ਗਿਆ ਸੀ। ਇਸ ਦੌਰਾਨ ਸੁਪਰੀਮ ਕੋਰਟ ਵਿੱਚ ਵੱਖ-ਵੱਖ ਲੋਕਾਂ ਵੱਲੋਂ ਅੱਠ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ।
ਇਨ੍ਹਾਂ ਪਟੀਸ਼ਨਾਂ ‘ਚ ਸਰਕਾਰ ਵੱਲੋਂ ਟਿੱਕਟੌਕ ‘ਤੇ ਲਗਾਈ ਗਈ ਪਾਬੰਦੀ ਨੂੰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਗਿਆ ਹੈ ਅਤੇ ਸਰਕਾਰ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾਵਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਆਪਣੀ ਅਲੋਕਪ੍ਰਿਅਤਾ ਨੂੰ ਛੁਪਾਉਣ ਲਈ ਅਤੇ ਆਪਣੇ ਖਿਲਾਫ਼ ਸਮਾਜ ਵਿੱਚ ਪੈਦਾ ਹੋ ਰਹੇ ਮਾਹੌਲ ਦੇ ਡਰੋਂ ਸੋਸ਼ਲ ਮੀਡੀਆ ਟਿੱਕਟੌਕ ‘ਤੇ ਪਾਬੰਦੀ ਲਗਾਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
