ਯੇਰੂਸ਼ਲਮ, 11 ਨਵੰਬਰ। ਗਾਜ਼ਾ ਪੱਟੀ ਵਿੱਚ ਪਿਛਲੇ ਮਹੀਨੇ 7 ਅਕਤੂਬਰ ਤੋਂ ਚੱਲ ਰਹੀ ਜੰਗ ਦੌਰਾਨ ਭੋਜਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਖਾਣ ਪੀਣ ਦਾ ਸਮਾਨ ਲੈਣ ਲਈ ਕਤਾਰਾਂ ਵਿੱਚ ਖੜੇ ਲੋਕਾਂ ਵਿੱਚ ਲੜਾਈ ਸ਼ੁਰੂ ਹੋ ਗਈ ਹੈ। ਸ਼ਹਿਰ ਵਾਸੀਆਂ ਨੂੰ ਇੱਕ ਗੈਲਨ ਪਾਣੀ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹਾ ਹੀ ਨਜ਼ਾਰਾ ਸੰਯੁਕਤ ਰਾਸ਼ਟਰ ਦੇ ਜ਼ਿਆਦਾਤਰ ਮਾਨਵਤਾਵਾਦੀ ਸਹਾਇਤਾ ਕੇਂਦਰਾਂ ਦੇ ਬਾਹਰ ਕਤਾਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਸ਼ਹਿਰ ਡੇਰ ਅਲ-ਬਲਾਹ ਵਿੱਚ ਪੰਜ ਬੱਚਿਆਂ ਦੀ ਮਾਂ ਸੁਜ਼ੈਨ ਵਾਹਿਦੀ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਸਹਾਇਤਾ ਕਰਮਚਾਰੀ ਨੂੰ ਇਹ ਕਹਿੰਦੇ ਸੁਣਿਆ ਗਿਆ- ਮੇਰੇ ਬੱਚੇ ਰੋ ਰਹੇ ਹਨ। ਉਹ ਭੁੱਖੇ ਅਤੇ ਥੱਕੇ ਹੋਏ ਹਨ। ਪਾਣੀ ਨਹੀਂ ਹੈ, ਇਸ ਲਈ ਬਾਥਰੂਮ ਦੀ ਵਰਤੋਂ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਗਾਜ਼ਾ ‘ਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਹੋਈ ਜੰਗ ‘ਚ ਹੁਣ ਤੱਕ 10,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉੱਤਰੀ ਗਾਜ਼ਾ ਤੋਂ ਭੱਜਣ ਵਾਲੇ ਹਜ਼ਾਰਾਂ ਲੋਕ ਹੁਣ ਦੱਖਣੀ ਗਾਜ਼ਾ ਵਿੱਚ ਭੋਜਨ ਅਤੇ ਦਵਾਈਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।
