ਨਵੀਂ ਦਿੱਲੀ, 29 ਅਕਤੂਬਰ (ਹਿ. ਸ.)। ਕੇਂਦਰ ਸਰਕਾਰ ਦੇ ਸਿਸਟਮ ਆਫ ਏਅਰ ਕੁਆਲਿਟੀ, ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ ਇੰਡੀਆ) ਦੇ ਤਾਜ਼ਾ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ। ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ ਅੱਜ (ਐਤਵਾਰ) 309 ਦੇ ਏਕਿਊਆਈ ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ।
ਸਫਰ ਇੰਡੀਆ ਦੇ ਅਨੁਸਾਰ ਨੋਇਡਾ ਵਿੱਚ ਹਵਾ ਦੀ ਗੁਣਵੱਤਾ ਵੀ 372 ਦੇ ਏਕਿਊਆਈ ਦੇ ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹੈ। ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ 221 ਦੇ ਏਕਿਊਆਈ ਨਾਲ ‘ਖਰਾਬ’ ਸ਼੍ਰੇਣੀ ਵਿੱਚ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹਵਾ ਦੀ ਸਮੁੱਚੀ ਗੁਣਵੱਤਾ 139 ਦੇ ਏਕਿਊਆਈ ਨਾਲ ‘ਦਰਮਿਆਨੀ’ ਸ਼੍ਰੇਣੀ ਵਿੱਚ ਹੈ।
ਦਿੱਲੀ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਅੱਜ ਸਵੇਰੇ ਅਸਮਾਨ ਵਿੱਚ ਧੂਆਂ ਅਤੇ ਧੁੰਦ ਛਾਈ ਰਹੇ। ਸਵੇਰ ਦੀ ਸੈਰ ਕਰਨ ਵਾਲੇ ਲੋਕ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਮਾਸਕ ਪਹਿਨੇ ਹੋਏ ਦੇਖੇ ਗਏ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਵੀਰਵਾਰ ਤੋਂ ‘ਰੈੱਡ ਲਾਈਟ ਆਨ ਇੰਜਣ ਬੰਦ’ ਮੁਹਿੰਮ ਸ਼ੁਰੂ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
