ਚੰਡੀਗੜ੍ਹ, 25 ਅਕਤੂਬਰ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇਕ ਵਫ਼ਦ ਵਲੋਂ ਪ੍ਰੋ. ਬਲਵਿੰਦਰ ਕੌਰ ਦੇ ਖ਼ੁਦਕੁਸ਼ੀ ਮਾਮਲੇ ’ਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਮੰਤਰੀ ਬੈਂਸ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਜਾਖੜ ਨੇ ਕਿਹਾ ਕਿ ਇਸ ਮੌਤ ਲਈ ਸਿਰਫ਼ ਕੈਬਨਿਟ ਮੰਤਰੀ ਨਹੀਂ ਬਲਕਿ ਸਾਰੀ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਰਾਜਪਾਲ ਪੰਜਾਬ ਨੇ ਉਨ੍ਹਾਂ ਦੀ ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮ੍ਰਿਤਕਾ ਪ੍ਰੋਫ਼ੈਸਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਸੀਂ ਲਗਾਤਾਰ ਸੰਘਰਸ਼ ਕਰਾਂਗੇ। ਪੰਜਾਬ ਸਰਕਾਰ ਆਪਣੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬਚਾਉਣਾ ਚਾਹੁੰਦੀ ਹੈ, ਜਿਸ ਨਾਲ ਪੰਜਾਬ ਸਰਕਾਰ ਦੀ ਘਟੀਆ ਮਨਸ਼ਾ ਦਾ ਪਤਾ ਲਗਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪੁੱਜੀਆਂ ਅਧਿਆਪਕ ਆਗੂਆਂ ਨੇ ਉਨ੍ਹਾਂ ਨੂੰ ਇਕ ਨਵੰਬਰ ਦੀ ਬਹਿਸ ਵਿਚ ਹਿੱਸਾ ਲੈਣ ਦੇਣ ਦੀ ਮੰਗ ਵੀ ਕੀਤੀ।
