ਨਵੀਂ ਦਿੱਲੀ, 23 ਅਕਤੂਬਰ (ਹਿ. ਸ.)। ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਵੀ ਅੱਜ ਦਬਾਅ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਸਪਾਟ ਪੱਧਰ ‘ਤੇ ਮਿਸ਼ਰਤ ਕਾਰੋਬਾਰ ਦੀ ਸ਼ੁਰੂਆਤ ਹੋਈ। ਸ਼ੁਰੂਆਤੀ ਕਾਰੋਬਾਰ ‘ਚ ਖਰੀਦਦਾਰੀ ਦੇ ਸਮਰਥਨ ਕਾਰਨ ਬਾਜ਼ਾਰ ‘ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ, ਪਰ ਥੋੜ੍ਹੇ ਸਮੇਂ ਵਿੱਚ ਹੀ ਬਿਕਵਾਲੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਨ ਲੱਗੇ। ਕਾਰੋਬਾਰ ਦੌਰਾਨ 11:20 ਵਜੇ ਤੱਕ ਸੈਂਸੈਕਸ 147.47 ਅੰਕ ਭਾਵ 0.23 ਫੀਸਦੀ ਦੀ ਗਿਰਾਵਟ ਨਾਲ 65,250.15 ਅੰਕ ਦੇ ਪੱਧਰ ’ਤੇ ਅਤੇ ਨਿਫਟੀ 63.19 ਅੰਕ ਭਾਵ 0.33 ਫੀਸਦੀ ਦੀ ਗਿਰਾਵਟ ਨਾਲ 19,478.75 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।
ਬੀ. ਐੱਸ. ਈ. ਸੈਂਸੈਕਸ ਨੇ ਅੱਜ 21.40 ਅੰਕਾਂ ਦੇ ਮਾਮੂਲੀ ਵਾਧੇ ਨਾਲ 65,419.02 ਅੰਕਾਂ ‘ਤੇ ਕਾਰੋਬਾਰ ਸ਼ੁਰੂ ਕੀਤਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਹ ਸੂਚਕਾਂਕ ਖਰੀਦਦਾਰੀ ਦੇ ਸਮਰਥਨ ਨਾਲ 65,453.92 ਅੰਕਾਂ ਦੀ ਛਾਲ ਮਾਰ ਗਿਆ, ਪਰ ਇਸ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਸੂਚਕਾਂਕ ‘ਚ ਗਿਰਾਵਟ ਆਈ। ਹਾਲਾਂਕਿ, ਖਰੀਦਦਾਰਾਂ ਨੇ ਖਰੀਦਦਾਰੀ ਦਾ ਦਬਾਅ ਬਣਾ ਕੇ ਬਾਜ਼ਾਰ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਜਾਰੀ ਰੱਖੀ। ਸੈਂਸੈਕਸ ਦੇ ਉਲਟ ਐੱਨ. ਐੱਸ. ਈ. ਦਾ ਨਿਫਟੀ 21.05 ਅੰਕ ਦੀ ਗਿਰਾਵਟ ਨਾਲ 19,521.69 ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਖਰੀਦਦਾਰੀ ਦੇ ਸਹਾਰੇ ਇਹ ਸੂਚਕਾਂਕ ਉੱਛਾਲ ਨਾਲ 19,556.85 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ, ਕੁਝ ਸਮੇਂ ਬਾਅਦ ਬਿਕਵਾਲੀ ਦਬਾਅ ਵਧਣ ਨਾਲ ਸੂਚਕਾਂਕ ਹੇਠਾਂ ਵੱਲ ਡਿੱਗਣਾ ਸ਼ੁਰੂ ਹੋ ਗਿਆ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਡਾ. ਰੈੱਡੀਜ਼ ਲੈਬਾਰਟਰੀਜ਼, ਬਜਾਜ ਫਾਈਨਾਂਸ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਡਿਵੀਜ਼ ਲੈਬਾਰਟਰੀਜ਼ ਦੇ ਸ਼ੇਅਰ 1.63 ਫੀਸਦੀ ਤੋਂ 0.52 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਗ੍ਰਾਸਿਮ ਇੰਡਸਟਰੀਜ਼, ਟਾਟਾ ਸਟੀਲ, ਐਲਟੀ ਮਾਈਂਡਟਰੀ, ਅਡਾਨੀ ਇੰਟਰਪ੍ਰਾਈਜਿਜ਼ ਅਤੇ ਕੋਟਕ ਮਹਿੰਦਰਾ ਦੇ ਸ਼ੇਅਰ 1.35 ਤੋਂ 1.12 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 6 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 24 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 10 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 40 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 231.62 ਅੰਕ ਜਾਂ 0.35 ਫੀਸਦੀ ਦੀ ਗਿਰਾਵਟ ਨਾਲ 65,397.62 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 82.05 ਅੰਕ ਜਾਂ 0.42 ਫੀਸਦੀ ਦੀ ਕਮਜ਼ੋਰੀ ਨਾਲ 19,542.65 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
