
ਹੁਸ਼ਿਆਰਪੁਰ, 15 ਅਕਤੂਬਰ (ਹਿ. ਸ.)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਹ ਅੱਜ ਪੰਜਾਬ ਸਰਕਾਰ ਦੇ ਖੇਤੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਵੱਖ-ਵੱਖ ਖੇਤੀ ਤਕਨੀਕਾਂ ਬਾਰੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੇਣ ਦੇ ਉਦੇਸ਼ ਨਾਲ ਸਥਾਨਕ ਖੇਤੀ ਭਵਨ ਵਿਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੇਂਪ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੰਯੁਕਤ ਡਾਇਰੈਕਟਰ ਖੇਤੀ ਇੰਜੀਨੀਅਰਿੰਗ ਜਸਦੀਸ਼ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਸਾਹਿਤ, ਪਿੰਡਾਂ ਦੇ ਧਾਰਮਿਕ ਥਾਵਾਂ ’ਤੇ ਮੁਨਾਦੀ ਅਤੇ ਪਿੰਡਾਂ ਦੇ ਸਕੂਲਾਂ ਵਿਚ ਜਾਗਰੂਕਤਾ ਰੈਲੀਆਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਲ੍ਹੇ ਵਿਚ ਪਿਛਲੇ ਸਾਲਾਂ ਦੌਰਾਨ ਸਬਸਿਡੀ ’ਤੇ ਉਪਲਬੱਧ ਕਰਵਾਈ ਗਈ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਆਪਣੇ ਖੇਤਾਂ ਵਿਚ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦਾ ਯੋਗ ਪ੍ਰਬੰਧ ਕਰਕੇ ਜ਼ਿਲ੍ਹੇ ਨੂੰ ਸੂਬੇ ਵਿਚੋਂ ਮੋਹਰੀ ਜ਼ਿਲ੍ਹਾ ਬਣਾਉਣ ਵਿਚ ਸਹਿਯੋਗ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਫ਼ਸਲ ਖਰੀਦਣ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਆਪਣੀ ਉਪਜ ਸੁੱਕਾ ਕੇ ਹੀ ਮੰਡੀਆਂ ਵਿਚ ਵੇਚਣ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਕੈਂਪ ਦੌਰਾਨ ਸੰਯੁਕਤ ਡਾਇਰੈਕਟਰ ਖੇਤੀ ਇੰਜੀਨੀਅਰਿੰਗ ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਕਿਸਾਨ ਹਿਤੈਸ਼ੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ।
ਕੈਂਪ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਖੇਤੀ ਵਿਭਾਗ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਯੋਗ ਪ੍ਰਬੰਧ ਕਰਨ ਵਿਚ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਦਾ ਪੂਰਾ ਲਾਭ ਉਠਾਉਣ ਅਤੇ ਖੇਤੀ ਭੂਮੀ ਪਰਖ ਦੇ ਆਧਾਰ ’ਤੇ ਪ੍ਰਾਪਤ ਕੀਤੇ ਗਏ ਭੂਮੀ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਖੇਤੀ ਇਨਪੁਟ ਦੀ ਕੁਆਲਟੀ ਕਿਸਾਨਾਂ ਤੱਕ ਪਹੁੰਚਾਉਣ ਲਈ ਇਨਪੁਟ ਦੇ ਸਮੇਂ-ਸਮੇਂ ’ਤੇ ਵਿਭਾਗ ਵਲੋਂ ਸੈਂਪਲ ਭਰੇ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਦੇ ਕ੍ਰਿਸ਼ੀ ਯੁੱਗ ਵਿਚ ਕਿਸਾਨਾਂ ਨੂੰ ਗਰੁੱਪਾਂ, ਸੁਸਾਇਟੀਆਂ ਬਣਾ ਕੇ ਖੇਤੀ ਕਰਨਾ ਚਾਹੀਦੀ ਹੈ, ਤਾਂ ਜੋ ਫਾਲਤੂ ਖਰਚੇ ਦੇ ਬੋਝ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵਲੋਂ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਕਣਕ ਦੇ ਬੀਜ ਸਬੰਧੀ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਕਣਕ ਦੇ ਪ੍ਰਮਾਣਿਤ ਬੀਜ ਵਿਭਾਗ ਦੇ ਪੋਰਟਲ ’ਤੇ ਆਪਣੇ ਬਿਨੈ ਪੱਤਰ ਆਨਲਾਈਨ 31 ਅਕਤੂਬਰ ਤੱਕ ਦਾਇਰ ਕਰ ਕੇ ਪ੍ਰਾਪਤ ਕਰ ਸਕਦੇ ਹਨ। ਕੈਂਪ ਦੌਰਾਨ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਅਗਾਂਹਵਧੂ ਕਿਸਾਨ ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਪਰਾਲੀ ਦਾ ਸੁਚਾਰੂ ਪ੍ਰਬੰਧਨ ਕੀਤਾ ਸੀ, ਨੂੰ ਸਨਮਾਨਿਤ ਵੀ ਕੀਤਾ ਗਿਆ। ਕੈਂਪ ਵਿਚ ਵੱਖ-ਵੱਖ ਸੈਲਫ ਹੈਲਪ ਗਰੁੱਪਾਂ, ਵਿਭਾਗਾਂ ਵਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
