ਨਵੀਂ ਦਿੱਲੀ, 12 ਅਕਤੂਬਰ। ਗਲੋਬਲ ਬਾਜ਼ਾਰ ਤੋਂ ਅੱਜ ਇਕ ਵਾਰ ਫਿਰ ਮਜ਼ਬੂਤ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ‘ਚ ਮਹਿੰਗਾਈ ਦੇ ਅੰਕੜਿਆਂ ਦੇ ਆਉਣ ਤੋਂ ਪਹਿਲਾਂ ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਚੌਥੇ ਦਿਨ ਮਜ਼ਬੂਤੀ ਨਾਲ ਬੰਦ ਹੋਏ। ਡਾਓ ਜੋਂਸ ਫਿਊਚਰਜ਼ ਵੀ ਅੱਜ ਲਾਭ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਦਬਾਅ ‘ਚ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰ ‘ਚ ਤੇਜ਼ੀ ਦਾ ਰੁਝਾਨ ਹੈ।
ਅਮਰੀਕਾ ਵਿੱਚ ਮਹਿੰਗਾਈ ਦਰ ਦੇ ਅੰਕੜੇ ਅੱਜ ਹੀ ਆਉਣ ਵਾਲੇ ਹਨ। ਉਮੀਦ ਹੈ ਕਿ ਇਸ ਵਾਰ ਮਹਿੰਗਾਈ ਦੇ ਅੰਕੜੇ ਹੇਠਾਂ ਆਉਣਗੇ। ਇਸ ਉਮੀਦ ਦੇ ਆਧਾਰ ‘ਤੇ ਵਾਲ ਸਟ੍ਰੀਟ ਇੰਡੈਕਸ ‘ਚ ਲਗਾਤਾਰ 4 ਦਿਨਾਂ ਤੋਂ ਤੇਜ਼ੀ ਦਾ ਮਾਹੌਲ ਰਿਹਾ। ਐੱਸਐਂਡਪੀ 500 ਸੂਚਕਾਂਕ ਪਿਛਲੇ ਸੈਸ਼ਨ ਦੌਰਾਨ 0.43 ਫੀਸਦੀ ਦੇ ਵਾਧੇ ਨਾਲ 4,376.95 ਅੰਕ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸਡੈਕ ਨੇ 96.83 ਅੰਕ ਜਾਂ 0.71 ਫੀਸਦੀ ਦੀ ਛਲਾਂਗ ਮਾਰੀ ਅਤੇ ਪਿਛਲੇ ਸੈਸ਼ਨ ਦੇ ਕਾਰੋਬਾਰ ਨੂੰ 13,659.68 ਅੰਕਾਂ ਦੇ ਪੱਧਰ ‘ਤੇ ਸਮਾਪਤ ਕੀਤਾ। ਡਾਓ ਜੌਂਸ ਫਿਊਚਰਜ਼ ਵੀ ਅੱਜ 0.24 ਫੀਸਦੀ ਦੀ ਛਲਾਂਗ ਲਗਾ ਕੇ 33,885.30 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ। ਪੂਰੇ ਸੈਸ਼ਨ ਦੌਰਾਨ ਵਪਾਰ ਕਰਨ ਤੋਂ ਬਾਅਦ ਯੂਰਪੀਅਨ ਬਾਜ਼ਾਰ ਸੂਚਕਾਂਕ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 0.11 ਫੀਸਦੀ ਡਿੱਗ ਕੇ 7,620.03 ਅੰਕ ’ਤੇ, ਸੀਏਸੀ ਸੂਚਕਾਂਕ 0.44 ਫੀਸਦੀ ਦੀ ਗਿਰਾਵਟ ਨਾਲ 7,131.21 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.24 ਫੀਸਦੀ ਦੀ ਮਜ਼ਬੂਤੀ ਨਾਲ 15,460.01 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਤੇਜ਼ੀ ਦਾ ਮਾਹੌਲ ਹੈ। ਹਾਲਾਂਕਿ ਸੈੱਟ ਕੰਪੋਜ਼ਿਟ ਇੰਡੈਕਸ 0.09 ਫੀਸਦੀ ਦੀ ਕਮਜ਼ੋਰੀ ਦੇ ਨਾਲ 1,454.68 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੂਜੇ ਪਾਸੇ ਗਿਫਟ ਨਿਫਟੀ 0.07 ਫੀਸਦੀ ਦੀ ਮਜ਼ਬੂਤੀ ਨਾਲ 19,843 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 112.88 ਅੰਕ ਜਾਂ 0.68 ਫੀਸਦੀ ਮਜ਼ਬੂਤੀ ਨਾਲ 16,784.91 ਅੰਕ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 517.93 ਅੰਕ ਜਾਂ 1.62 ਫੀਸਦੀ ਦੀ ਛਾਲ ਮਾਰ ਕੇ 32,454.44 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 336.81 ਅੰਕ ਜਾਂ 1.88 ਫੀਸਦੀ ਮਜ਼ਬੂਤੀ ਨਾਲ 18,229.91 ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.91 ਫੀਸਦੀ ਮਜ਼ਬੂਤੀ ਨਾਲ 3,222.07 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.03 ਫੀਸਦੀ ਦੀ ਮਜ਼ਬੂਤੀ ਨਾਲ 2,475.41 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.56 ਫੀਸਦੀ ਮਜ਼ਬੂਤੀ ਨਾਲ 6,970.80 ਅੰਕਾਂ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.82 ਫੀਸਦੀ ਮਜ਼ਬੂਤੀ ਨਾਲ 3,104.36 ਅੰਕਾਂ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
