ਚੰਡੀਗੜ੍ਹ, 08 ਅਕਤੂਬਰ। ਬੀ. ਐੱਸ. ਐੱਫ. ਨੇ ਸਰਹੱਦ ਪਾਰ ਤੋਂ ਡਰੋਨ ਦੀ ਘੁਸਪੈਠ ਨੂੰ ਨਾਕਾਮ ਕਰਦਿਆਂ ਇੱਕ ਡਰੋਨ ਅਤੇ ਉਸ ਨਾਲ ਬੰਨ੍ਹੀ ਹੈਰੋਇਨ ਅਤੇ ਅਫੀਮ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 42 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਰਾਮਦ ਕੀਤੇ ਗਏ ਡਰੋਨ ਨੂੰ ਜਾਂਚ ਲਈ ਐਫਐਸਐਲ ਨੂੰ ਭੇਜ ਦਿੱਤਾ ਗਿਆ ਹੈ।
ਬੀ. ਐੱਸ. ਐੱਫ. ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੂੰ ਭਾਰਤੀ ਸਰਹੱਦ ’ਚ ਡਰੋਨ ਦੇ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਰਦੋ ਰਤਨ ਤੋਂ ਜ਼ਬਤ ਕੀਤਾ ਗਿਆ ਹੈ। ਇਹ ਇਕ ਵੱਡਾ ਡਰੋਨ ਹੈ, ਜੋ ਸਰਹੱਦ ਪਾਰ ਤੋਂ ਭਾਰੀ ਖੇਪਾਂ ਨੂੰ ਵੀ ਉਡਾਉਣ ਦੇ ਸਮਰੱਥ ਹੈ। ਇਸ ਡਰੋਨ ਨਾਲ 6.3 ਕਿਲੋ ਹੈਰੋਇਨ ਦੀ ਖੇਪ ਬੰਨ੍ਹੀ ਗਈ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 42 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਇਸੇ ਖੇਪ ’ਚ ਅਫੀਮ ਵੀ ਜ਼ਬਤ ਕੀਤੀ ਗਈ ਹੈ, ਜਿਸ ਦਾ ਵਜ਼ਨ 60 ਗ੍ਰਾਮ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
