ਨਵੀਂ ਦਿੱਲੀ, 06 ਅਕਤੂਬਰ (ਹਿ. ਸ.)। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬੁਖਾਰ ਤੋਂ ਪੀੜਤ ਹਨ, ਜਿਸ ਕਾਰਨ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ ਵਨਡੇ ਵਿਸ਼ਵ ਕੱਪ ਦੇ ਭਾਰਤ ਦੇ ਸ਼ੁਰੂਆਤੀ ਮੈਚ ‘ਚ ਖੇਡਣਾ ਸ਼ੱਕੀ ਹੈ। ਗਿੱਲ ਬੁੱਧਵਾਰ ਅਤੇ ਵੀਰਵਾਰ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਭਾਰਤ ਦੇ ਸਿਖਲਾਈ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਏ। ਟੀਮ ਪ੍ਰਬੰਧਨ ਉਮੀਦ ਕਰ ਰਿਹਾ ਹੈ ਕਿ ਇਹ ਫਲੂ ਤੋਂ ਵੱਧ ਕੁਝ ਨਹੀਂ ਹੈ।
ਬੀਸੀਸੀਆਈ ਦੇ ਅਧਿਕਾਰਤ ਅਪਡੇਟ ਵਿੱਚ ਕਿਹਾ ਗਿਆ ਹੈ, ਮੈਡੀਕਲ ਟੀਮ ਉਨ੍ਹਾਂ ਉੱਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਸਾਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ।
ਗਿੱਲ ਨੇ ਇਸ ਸਾਲ ਵਨਡੇ ‘ਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1230 ਦੌੜਾਂ ਬਣਾਈਆਂ ਹਨ। ਉਹ ਇਸ ਸਾਲ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਆਪਣੇ ਪਿਛਲੇ ਚਾਰ ਵਨਡੇ ਮੈਚਾਂ ਵਿੱਚ ਉਨ੍ਹਾਂ ਨੇ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਗਾਇਆ, ਜਿਸ ਵਿੱਚੋਂ ਦੋ ਪਾਰੀਆਂ ਆਸਟ੍ਰੇਲੀਆ ਦੇ ਖਿਲਾਫ ਸਨ।
ਜੇਕਰ ਗਿੱਲ ਐਤਵਾਰ ਦੇ ਮੈਚ ਲਈ ਉਪਲੱਬਧ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਓਪਨਿੰਗ ਕਰ ਸਕਦੇ ਹਨ। ਕਿਸ਼ਨ ਨੇ ਇਸ ਸਾਲ ਇੱਕ ਓਪਨਿੰਗ ਬੱਲੇਬਾਜ਼ ਦੇ ਤੌਰ ‘ਤੇ ਪੰਜ ਵਨਡੇ ਮੈਚਾਂ ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ, ਜਿਸ ਵਿੱਚ ਪਾਕਿਸਤਾਨ ਦੇ ਖਿਲਾਫ 82 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਸ਼ਾਮਲ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
