ਅੰਮ੍ਰਿਤਸਰ, 06 ਅਕਤੂਬਰ । ਅੰਮ੍ਰਿਤਸਰ ਦੇ ਨਾਗ ਕਲਾਂ ਇਲਾਕੇ ਵਿੱਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਐੱਸ. ਐੱਸ. ਪੀ. ਦਿਹਾਤੀ ਸਤਿੰਦਰਪਾਲ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਇੱਕ ਫਾਰਮਾਸਿਊਟੀਕਲ ਫੈਕਟਰੀ ‘ਚ ਵੀਰਵਾਰ ਰਾਤ ਭਿਆਨਕ ਅੱਗ ਲੱਗ ਗਈ। ਜਦੋਂ ਅੱਗ ਲੱਗੀ ਤਾਂ ਫੈਕਟਰੀ ਦੇ ਅੰਦਰ ਕਈ ਕਰਮਚਾਰੀ ਕੰਮ ਕਰ ਰਹੇ ਸਨ। ਫੈਕਟਰੀ ‘ਚ ਅੱਗ ਲੱਗਦੇ ਹੀ ਹੜਕੰਪ ਮਚ ਗਿਆ। ਅੰਦਰ ਕੰਮ ਕਰ ਰਹੇ ਮੁਲਾਜ਼ਮ ਜਿੱਥੋਂ ਵੀ ਕੋਈ ਰਸਤਾ ਲੱਭਦੇ ਬਾਹਰ ਆ ਗਏ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ‘ਚ ਰੱਖੇ ਕੈਮੀਕਲ ਨਾਲ ਭਰੇ ਡਰੰਮ ‘ਚ ਧਮਾਕੇ ਹੋ ਗਏ। ਜਿਸ ਕਾਰਨ ਕਾਫੀ ਦੇਰ ਤੱਕ ਅੱਗ ਬੁਝਾਉਣ ਲਈ ਫਾਇਰ ਵਿਭਾਗ ਦੇ ਕਰਮਚਾਰੀ ਅੰਦਰ ਨਹੀਂ ਜਾ ਸਕੇ। ਜਦੋਂ ਧੂੰਆਂ ਘੱਟ ਹੋਇਆ ਤਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਅੱਗ ਦੀ ਲਪੇਟ ਵਿੱਚ ਸਭ ਤੋਂ ਪਹਿਲਾਂ ਫੈਕਟਰੀ ਵਿੱਚ ਪਏ ਕੈਮੀਕਲ ਨਾਲ ਭਰੇ ਡਰੰਮ ਆਏ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਅੱਗ ਲੱਗਣ ਦੀ ਘਟਨਾ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਸਮੇਤ ਚਾਰ ਮਜ਼ਦੂਰਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਧੀ ਦਰਜਨ ਦੇ ਕਰੀਬ ਗੱਡੀਆਂ ਦੀ ਮਦਦ ਨਾਲ ਦੇਰ ਰਾਤ ਅੱਗ ’ਤੇ ਕਾਬੂ ਪਾਇਆ।
