ਕੀਵ, 06 ਅਕਤੂਬਰ । ਯੂਕ੍ਰੇਨ ਵਿੱਚ ਰੂਸੀ ਫੌਜ ਦੇ ਹਵਾਈ ਹਮਲੇ ਵਿੱਚ 51 ਨਾਗਰਿਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚ ਛੇ ਸਾਲ ਦਾ ਬੱਚਾ ਵੀ ਸ਼ਾਮਲ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਚੋਟੀ ਦੇ ਅਧਿਕਾਰੀਆਂ ਨੇ ਮੰਨਿਆ ਕਿ ਰੂਸ ਨੇ ਵੀਰਵਾਰ ਨੂੰ ਮਿਜ਼ਾਈਲਾਂ ਅਤੇ ਰਾਕੇਟ ਦਾਗੇ। ਰੂਸੀ ਬਲਾਂ ਨੇ ਖਾਰਕਿਵ ਦੇ ਨੇੜੇ ਇੱਕ ਪੇਂਡੂ ਕੈਫੇ ਅਤੇ ਦੁਕਾਨ ਨੂੰ ਨਿਸ਼ਾਨਾ ਬਣਾਇਆ। ਇਸ ਧਮਾਕੇ ਦੌਰਾਨ 51 ਲੋਕ ਮਾਰੇ ਗਏ ਸਨ। ਪਿਛਲੇ ਕੁਝ ਮਹੀਨਿਆਂ ਵਿੱਚ ਇਹ ਸਭ ਤੋਂ ਘਾਤਕ ਹਮਲਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ‘ਚ ਖਾਰਕਿਵ ਖੇਤਰ ਦੇ ਗਵਰਨਰ ਓਲੇਹ ਸਿਨੇਹੁਬੋਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖਾਰਕਿਵ ਦੇ ਕੁਪਯਾਂਸਕ ਜ਼ਿਲੇ ਦੇ ਹਰੋਜ਼ਾ ਪਿੰਡ ‘ਚ ਇਕ ਕੈਫੇ ਅਤੇ ਇਕ ਦੁਕਾਨ ‘ਤੇ ਹਮਲਾ ਕੀਤਾ ਗਿਆ। ਧਮਾਕੇ ਦੇ ਸਮੇਂ ਦੋਵਾਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਨਾਗਰਿਕ ਮੌਜੂਦ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਇਲਾਕਾ ਜ਼ਮੀਨ ’ਚ ਧਸ ਗਿਆ। ਮਲਬੇ ਹੇਠ ਅਜੇ ਵੀ ਕਈ ਲੋਕ ਦੱਬੇ ਹੋਣ ਦੀ ਸੰਭਾਵਨਾ ਹੈ।
ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਜ਼ੇਲੇਂਸਕੀ ਨੇ ਸਹਿਯੋਗੀਆਂ ਤੋਂ ਸਮਰਥਨ ਪ੍ਰਾਪਤ ਕਰਨ ਲਈ ਸਪੇਨ ਵਿੱਚ ਲਗਭਗ 50 ਯੂਰਪੀਅਨ ਨੇਤਾਵਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ। ਸਪੇਨ ਵਿੱਚ ਉਨ੍ਹਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਇਸਨੂੰ ਰੂਸ ਦੁਆਰਾ ਇੱਕ ਅੱਤਵਾਦੀ ਕਾਰਵਾਈ ਦੱਸਿਆ। ਅਮਰੀਕਾ ਨੇ ਇਸ ਨੂੰ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਉਹ ਯੂਕ੍ਰੇਨ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਸੰਯੁਕਤ ਰਾਸ਼ਟਰ ਨੇ ਵੀ ਇਸ ਨੂੰ ਭਿਆਨਕ ਹਮਲਾ ਕਰਾਰ ਦਿੱਤਾ ਹੈ।
ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕ੍ਰੇਨ ਦੇ ਖਿਲਾਫ ਤਾਜ਼ਾ ਹਵਾਈ ਹਮਲੇ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਪੁਤਿਨ ਨੇ ਰੂਸ ਦੇ ਸੋਚੀ ਵਿੱਚ ਇੱਕ ਕਾਨਫਰੰਸ ਵਿੱਚ ਕਿਹਾ ਕਿ ਯੂਕ੍ਰੇਨ ਵਿੱਚ ਹਾਲ ਹੀ ਵਿੱਚ ਕੀਤੇ ਗਏ ਮਿਜ਼ਾਈਲ ਪ੍ਰੀਖਣ ਬੇਹੱਦ ਸਫਲ ਰਹੇ ਹਨ। ਯੁੱਧ ਦੇ ਬਾਵਜੂਦ ਰੂਸ ਦੀ ਆਰਥਿਕਤਾ ਲਚਕਦਾਰ ਹੈ।
