ਨਵੀਂ ਦਿੱਲੀ, 05 ਅਕਤੂਬਰ (ਹਿ. ਸ.)। ਭਾਰਤ ਨੇ ਬ੍ਰਾਜ਼ੀਲ ਦੇ ਉਦਯੋਗਾਂ ਨੂੰ ਆਪਣੀ ਵੱਧਦੀ ਸਪਲਾਈ ਚੇਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਹੈ। ਇਹ ਸੱਦਾ ਬ੍ਰਾਜ਼ੀਲ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਵਣਜ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਬ੍ਰਾਜ਼ੀਲ ਦੇ ਉਦਯੋਗਾਂ ਨੂੰ ਵਧਦੀ ਸਪਲਾਈ ਲੜੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਵਣਜ ਸਕੱਤਰ ਸੁਨੀਲ ਬਰਥਵਾਲ, ਜੋ ਭਾਰਤ-ਬ੍ਰਾਜ਼ੀਲ ਵਪਾਰ ਨਿਗਰਾਨ ਤੰਤਰ (ਟੀ. ਐੱਮ. ਐੱਮ.) ਦੀ ਛੇਵੀਂ ਮੀਟਿੰਗ ਲਈ ਬ੍ਰਾਜ਼ੀਲ ਦੇ ਚਾਰ ਦਿਨਾਂ ਦੌਰੇ ‘ਤੇ ਹਨ, ਨੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਹੁਲਾਰਾ ਦੇਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।
ਮੰਤਰਾਲੇ ਦੇ ਅਨੁਸਾਰ, ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਨਾਲ ਜੁੜੇ ਮਾਮਲਿਆਂ ‘ਤੇ ਵਿਆਪਕ ਚਰਚਾ ਕੀਤੀ ਅਤੇ ਇਸ ਨੂੰ ਵਧਾਉਣ ਲਈ ਇੱਕ ਖਾਕਾ ਵੀ ਤਿਆਰ ਕੀਤਾ। ਬਰਥਵਾਲ 1 ਤੋਂ 4 ਅਕਤੂਬਰ ਤੱਕ ਬ੍ਰਾਜ਼ੀਲ ਦੇ ਦੌਰੇ ‘ਤੇ ਸਨ। ਉਨ੍ਹਾਂ ਨਾਲ 20 ਕਾਰੋਬਾਰੀ ਆਗੂਆਂ ਦਾ ਵਫ਼ਦ ਵੀ ਸੀ। ਇਸ ਦੌਰਾਨ ਵਣਜ ਸਕੱਤਰ ਨੇ ਭਾਰਤ ਵਿੱਚ ਨਿਵੇਸ਼ ਕਰਨ ਵਾਲੀਆਂ ਬ੍ਰਾਜ਼ੀਲ ਦੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ‘ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਭਾਰਤ-ਬ੍ਰਾਜ਼ੀਲ ਦਾ ਦੁਵੱਲਾ ਵਪਾਰ ਪਿਛਲੇ ਦੋ ਸਾਲਾਂ ‘ਚ ਦੁੱਗਣਾ ਹੋ ਕੇ 16 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
