ਗੰਗਟੋਕ, 05 ਅਕਤੂਬਰ । ਉੱਤਰੀ ਸਿੱਕਮ ਵਿੱਚ ਦੱਖਣੀ ਲਹੋਨਾਕ ਝੀਲ ’ਚ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ਵਿੱਚ ਆਏ ਹੜ੍ਹ ਵਰਗੀ ਸਥਿਤੀ ਨੇ ਸਿੱਕਮ ਅਤੇ ਉੱਤਰੀ ਬੰਗਾਲ (ਪੱਛਮੀ ਬੰਗਾਲ) ਵਿੱਚ ਤੀਸਤਾ ਨਦੀ ਦੇ ਨਾਲ ਲੱਗਦੇ ਖੇਤਰਾਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕੁਦਰਤੀ ਆਫ਼ਤ ਕਾਰਨ ਸਿੱਕਮ ਦੇ ਤਿੰਨ ਜ਼ਿਲ੍ਹਿਆਂ ਵਿੱਚ ਹੁਣ ਤੱਕ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 23 ਫ਼ੌਜੀ ਜਵਾਨਾਂ ਸਮੇਤ 102 ਲੋਕ ਲਾਪਤਾ ਹਨ।
ਸਿੱਕਮ ਸਰਕਾਰ ਦੇ ਭੂਮੀ ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਦੇਰ ਰਾਤ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸਿੱਕਮ ਦੇ ਤਿੰਨ ਜ਼ਿਲ੍ਹਿਆਂ ਵਿੱਚ ਤੀਸਤਾ ਨਦੀ ਕਾਰਨ ਕੁੱਲ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਗੰਗਟੋਕ ਜ਼ਿਲ੍ਹੇ ਵਿੱਚ 3, ਮੰਗਨ ਜ਼ਿਲ੍ਹੇ ਵਿੱਚ 4 ਅਤੇ ਪਾਕਿਮ ਜ਼ਿਲ੍ਹੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ। ਨਾਮਚੀ ਜ਼ਿਲ੍ਹੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਪਰ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਗੰਗਟੋਕ ਵਿੱਚ 22, ਮੰਗਨ ਵਿੱਚ 16 ਅਤੇ ਪਾਕਿਮ ਵਿੱਚ 59 ਲੋਕ ਤੀਸਤਾ ਵਿੱਚ ਰੁੜ੍ਹ ਗਏ ਹਨ। ਜ਼ਖਮੀਆਂ ਦੀ ਗਿਣਤੀ 26 ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚ ਗੰਗਟੋਕ ਵਿਚ 5 ਅਤੇ ਪਾਕਿਮ ਵਿਚ 21 ਸ਼ਾਮਲ ਹਨ।
11 ਪੁਲ ਡਿੱਗੇ, 2011 ਲੋਕਾਂ ਨੂੰ ਬਚਾਇਆ ਗਿਆ
ਤੀਸਤਾ ਨਦੀ ਵਿੱਚ ਆਏ ਹੜ੍ਹ ਨਾਲ ਕੁੱਲ 11 ਪੁਲ ਪੂਰੀ ਤਰ੍ਹਾਂ ਤਬਾਹ ਹੋ ਗਏ, ਜਿਨ੍ਹਾਂ ਵਿੱਚ ਗੰਗਟੋਕ ਵਿੱਚ ਇੱਕ, ਮੰਗਨ ਵਿੱਚ 8 ਅਤੇ ਨਾਮਚੀ ਵਿੱਚ ਦੋ ਪੁਲ ਸ਼ਾਮਲ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਫਸੇ ਕੁੱਲ 2011 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਤਬਾਹੀ ਨਾਲ 22 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਪਰਿਵਾਰਾਂ ਲਈ ਚਾਰ ਜ਼ਿਲ੍ਹਿਆਂ ਵਿੱਚ 22 ਰਾਹਤ ਕੈਂਪ ਬਣਾਏ ਗਏ ਹਨ। ਪਿਛਲੇ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਉੱਤਰੀ ਸਿੱਕਮ ਦੇ ਦੱਖਣੀ ਲੋਹਨਾਕ ਝੀਲ ਖੇਤਰ ਵਿੱਚ ਬੱਦਲ ਫਟਣ ਕਾਰਨ ਝੀਲ ਫਟ ਗਈ ਸੀ। ਝੀਲ ਦੇ ਪਾਣੀ ਕਾਰਨ ਤੀਸਤਾ ਨਦੀ ਦਾ ਜਲ ਪੱਧਰ ਵੱਧਣ ਤੋਂ ਬਾਅਦ ਉੱਤਰੀ ਸਿੱਕਮ ਤੋਂ ਲੈ ਕੇ ਪੂਰਬੀ ਅਤੇ ਦੱਖਣੀ ਸਿੱਕਮ ਸਮੇਤ ਉੱਤਰੀ ਬੰਗਾਲ ਤੱਕ ਭਾਰੀ ਨੁਕਸਾਨ ਹੋਇਆ ਹੈ।
