ਲੁਧਿਆਣਾ, 04 ਅਕਤੂਬਰ। ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਯੋਗ ਰਹਿਨੁਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਦੇ ਚੌਥੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਵੱਲੋ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਥਲੈਟਿਕਸ ਦੇ ਮੁਕਾਬਲਿਆਂ ਮੌਕੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਸਰਕਾਰ ਦੀ ਖੇਡੀ ਨੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ। ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਖਿਡਾਰੀਆਂ ਲਈ ਉੱਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਨੌਜਵਾਨ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰ ਸਕਣ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ, ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਪ੍ਰੇਮ ਕੁਮਾਰ ਜਿਮਨਾਸਟਿਕ ਕੋਚ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਰਹੇ। ਇਨ੍ਹਾਂ ਜਿਲ੍ਹਾ ਪੱਧਰ ਦੀਆਂ 25 ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ 30 ਸਤੰਬਰ 2023 ਤੋਂ 5 ਅਕਤੂਬਰ 2023 ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਸ਼ਾਮਲ ਹਨ। ਜਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਵੱਲੋਂ ਵੱਖ-ਵੱਖ ਖੇਡ ਮੈਦਾਨਾਂ ‘ਤੇ ਜਾ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ ਗਏ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ।
