ਨਵੀਂ ਦਿੱਲੀ, 04 ਅਕਤੂਬਰ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਤੜਕੇ ਦੇਸ਼ ਦੇ ਸਿਆਸੀ ਘਟਨਾਕ੍ਰਮ ਦਾ ਕੇਂਦਰ ਬਿੰਦੂ ਰਾਏਸੀਨਾ ਹਿੱਲਜ਼ ਨੇੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਦਸਤਕ ਦਿੱਤੀ। ਸੰਸਦ ਮੈਂਬਰ ਹੋਣ ਦੇ ਨਾਤੇ ਸੰਜੇ ਸਿੰਘ ਨੂੰ ਨਾਰਥ ਐਵੇਨਿਊ ਵਿੱਚ ਰਹਿਣ ਲਈ ਸਰਕਾਰੀ ਇਮਾਰਤ ਅਲਾਟ ਕੀਤੀ ਗਈ ਹੈ। ਈ.ਡੀ. ਦੀ ਟੀਮ ਉਨ੍ਹਾਂ ਦੇ ਪੂਰੇ ਘਰ ਦੀ ਤਲਾਸ਼ੀ ਲੈ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਘੁਟਾਲੇ ‘ਚ ਦਾਇਰ ਚਾਰਜਸ਼ੀਟ ‘ਚ ਸੰਜੇ ਸਿੰਘ ਦਾ ਨਾਮ ਵੀ ਸ਼ਾਮਲ ਹੈ। ਈ.ਡੀ. ਦੇ ਇਸ ਛਾਪੇ ਨੂੰ ਇਸ ਚਾਰਜਸ਼ੀਟ ਨਾਲ ਜੋੜਿਆ ਜਾ ਰਿਹਾ ਹੈ। ਇਸ ਘਪਲੇ ਵਿੱਚ ਸੰਜੇ ਦੇ ਕਰੀਬੀ ਰਿਸ਼ਤੇਦਾਰਾਂ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਜਾਂਚ ਏਜੰਸੀਆਂ ਦੇ ਰਡਾਰ ‘ਤੇ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤਤਕਾਲੀ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ ਸਾਲ ਮਈ ‘ਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਹੁਣ ਉਨ੍ਹਾਂ ਨੂੰ ਬੀਮਾਰੀ ਕਾਰਨ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ। ਇਸ ਸਾਲ ਫਰਵਰੀ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ. ਬੀ. ਆਈ. ਨੇ ਇਸ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸਿਸੋਦੀਆ ਉਦੋਂ ਤੋਂ ਹੀ ਸਲਾਖਾਂ ਪਿੱਛੇ ਹੈ।
