ਖੰਨਾ, 29 ਸਤੰਬਰ (ਹਿ. ਸ.)। ਵਿਸ਼ਵ ਰੇਬੀਜ਼ ਦਿਵਸ ਸਬੰਧੀ ਐੱਸ. ਐੱਮ. ਓ. ਡਾ. ਰਵੀ ਦੱਤ ਦੀ ਅਗਵਾਈ ਵਿਚ ਸੀ. ਐੱਚ. ਸੀ. ਮਾਨੂੰਪੁਰ ਅਧੀਨ ਪੈਂਦੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਸਟਾਫ ਵਲੋਂ ਸਕੂਲਾਂ ’ਚ ਜਾਗਰੂਕਤਾ ਕੈਂਪ ਲਗਾਕੇ ਬੱਚਿਆਂ ਨੂੰ ਹਲਕਾਅ ਤੋਂ ਬਚਾਉ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ’ਤੇ ਡਾ. ਰਵੀ ਦੱਤ ਨੇ ਕਿਹਾ ਕੇ ਰੇਬੀਜ਼ ਆਮ ਤੌਰ ’ਤੇ ਕੁੱਤੇ, ਬਾਂਦਰ, ਬਿੱਲੀ ਆਦਿ ਦੇ ਕੱਟਣ ਕਾਰਨ ਹੁੰਦਾ ਹੈ। ਹਲਕਾਅ ਤੋਂ ਬਚਾਓ ਲਈ ਜ਼ਰੂਰੀ ਹੈ ਕਿ ਕੁੱਤੇ ਜਾਂ ਹੋਰ ਕਿਸੇ ਜਾਨਵਰ ਦੇ ਕੱਟਣ ਜਾਂ ਖਰੋਚਾਂ ਨੂੰ ਅਣਦੇਖਾ ਨਾ ਕੀਤਾ ਜਾਵੇ ਅਤੇ ਜਖਮ ਨੂੰ ਜਲਦੀ ਤੋਂ ਜਲਦੀ ਸਾਬਣ ਅਤੇ ਸਾਫ ਚਲਦੇ ਪਾਣੀ ਨਾਲ 15 ਮਿੰਟ ਧੋਵੋ, ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾ ਕੇ ਡਾਕਟਰ ਦੀ ਸਲਾਹ ਨਾਲ ਟੀਕੇ ਲਗਵਾਏ ਜਾਣ।
ਬੀ.ਈ.ਈ ਗੁਰਦੀਪ ਸਿੰਘ ਨੇ ਕਿਹਾ ਕਿ ਰੇਬੀਜ਼ ਇਕ ਜਾਨਲੇਵਾ ਬੀਮਾਰੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਨਲੇਵਾ ਹੋ ਸਕਦੀ ਹੈ। ਇਸ ਲਈ ਜਾਨਵਰ ਦੇ ਕੱਟਣ ’ਤੇ ਘਰੇਲੂ ਇਲਾਜ ਜਿਵੇਂ ਮਿਰਚਾਂ, ਤੇਲ, ਚੂਨਾ, ਜੜੀਆਂ-ਬੂਟੀਆਂ ਆਦਿ ਦੀ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਪਾਲਤੂ ਕੁੱਤਿਆਂ ਦਾ ਨਿਯਮਿਤ ਤੌਰ ’ਤੇ ਟੀਕਾਕਰਨ ਕਰਵਾਇਆ ਜਾਵੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
