ਮੁੰਬਈ, 29 ਸਤੰਬਰ (ਹਿ. ਸ.)। ਅਭਿਨੇਤਾ ਨਾਨਾ ਪਾਟੇਕਰ ਸਟਾਰਰ ਫਿਲਮ ‘ਦ ਵੈਕਸੀਨ ਵਾਰ’ ਸ਼ੁੱਕਰਵਾਰ 28 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ। ‘ਦਿ ਕਸ਼ਮੀਰ ਫਾਈਲਜ਼’ ਵਰਗੀ ਸੁਪਰਹਿੱਟ ਫਿਲਮ ਦੇਣ ਤੋਂ ਬਾਅਦ ਵਿਵੇਕ ਅਗਨੀਹੋਤਰੀ ਦੀ ‘ਦਿ ਵੈਕਸੀਨ ਵਾਰ’ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਫਿਲਮ ਦੀ ਰਿਲੀਜ਼ ਤੋਂ ਬਾਅਦ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਇਸ ਲਿਹਾਜ਼ ਨਾਲ ਫਿਲਮ ‘ਦ ਵੈਕਸੀਨ ਵਾਰ’ ਦਾ ਪਹਿਲੇ ਦਿਨ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ।
ਫਿਲਮ ‘ਦ ਵੈਕਸੀਨ ਵਾਰ’ ਕੋਰੋਨਾ ਮਹਾਮਾਰੀ, ਉਸ ਸਮੇਂ ਦੇਸ਼ ਦੀ ਸਥਿਤੀ, ਇਸ ਭਿਆਨਕ ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ ਅਤੇ ਭਾਰਤ ਵਿਚ ਟੀਕੇ ਦੇ ਉਤਪਾਦਨ ਦੀ ਕਹਾਣੀ ਦੱਸਦੀ ਹੈ। ਤਿੰਨ ਸਾਲ ਪਹਿਲਾਂ ਵਾਪਰੀ ਇਸ ਭਿਆਨਕ ਬੀਮਾਰੀ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀ ਇਹ ਫਿਲਮ ਕਿਵੇਂ ਦੀ ਹੋਵੇਗੀ, ਇਸ ਦੀ ਕਾਫੀ ਚਰਚਾ ਸੀ ਪਰ ਪਹਿਲੇ ਦਿਨ ਦੀ ਕਮਾਈ ਨੂੰ ਦੇਖ ਕੇ ਲੱਗਦਾ ਹੈ ਕਿ ਦਰਸ਼ਕ ਇਸ ਤੋਂ ਮੂੰਹ ਮੋੜ ਚੁੱਕੇ ਹਨ।
ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, ਦ ਵੈਕਸੀਨ ਵਾਰ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਸਿਰਫ 1.3 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਘੱਟ ਬਜਟ ’ਚ ਬਣੀ ‘ਦ ਵੈਕਸੀਨ ਵਾਰ’ ਦੇਸ਼ ’ਚ 1000 ਸਕ੍ਰੀਨਜ਼ ’ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਹਿੰਦੀ, ਅੰਗਰੇਜ਼ੀ, ਬੰਗਾਲੀ, ਪੰਜਾਬੀ, ਭੋਜਪੁਰੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਗੁਜਰਾਤੀ ਅਤੇ ਮਰਾਠੀ ਸਮੇਤ 11 ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਹੈ।
ਨਾਨਾ ਪਾਟੇਕਰ ਤੋਂ ਇਲਾਵਾ ‘ਦ ਵੈਕਸੀਨ ਵਾਰ’ ’ਚ ਅਨੁਪਮ ਖੇਰ, ਸਪਤਮੀ ਗੌੜਾ, ਪੱਲਵੀ ਜੋਸ਼ੀ, ਗਿਰੀਜਾ ਓਕ ਅਤੇ ਰਾਇਮਾ ਸੇਨ ਮੁੱਖ ਭੂਮਿਕਾਵਾਂ ’ਚ ਹਨ। ਫਿਲਮ ਦਾ ਨਿਰਮਾਣ ਪੱਲਵੀ ਜੋਸ਼ੀ ਨੇ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
