ਨਵੀਂ ਦਿੱਲੀ, 29 ਨਵੰਬਰ (ਹਿ.ਸ.)। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਰਾਹੁਲ ਦ੍ਰਾਵਿੜ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਬਣੇ ਰਹਿਣ ਲਈ ਇਕਰਾਰਨਾਮਾ ਵਧਾਉਣ ਦੀ ਪੇਸ਼ਕਸ਼ ਕੀਤੀ ਹੈ। ਈਐੱਸਪੀਐੱਨ ਕ੍ਰਿਕਇਨਫੋ ਦੇ ਅਨੁਸਾਰ, ਬੀਸੀਸੀਆਈ ਨੇ ਦ੍ਰਾਵਿੜ ਨਾਲ ਆਪਣਾ ਕਾਰਜਕਾਲ ਵਧਾਉਣ ਬਾਰੇ ਗੱਲਬਾਤ ਕਰਨ ਲਈ ਸੰਪਰਕ ਕੀਤਾ ਸੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਦ੍ਰਾਵਿੜ ਨੇ ਪੇਸ਼ਕਸ਼ ਸਵੀਕਾਰ ਕੀਤੀ ਹੈ ਜਾਂ ਨਹੀਂ।
ਜੇਕਰ ਦ੍ਰਾਵਿੜ ਇਸ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹਨ, ਤਾਂ ਉਨ੍ਹਾਂ ਦੇ ਦੂਜੇ ਕਾਰਜਕਾਲ ਵਿੱਚ ਉਨ੍ਹਾਂ ਦਾ ਪਹਿਲਾ ਕਾਰਜ ਭਾਰਤ ਦਾ ਦੱਖਣੀ ਅਫਰੀਕਾ ਦਾ ਦੌਰਾ ਹੋਵੇਗਾ, ਜੋ 10 ਦਸੰਬਰ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਤਿੰਨ ਟੀ-20 ਅਤੇ ਇੰਨੇ ਹੀ ਵਨਡੇ ਮੈਚ ਹੋਣਗੇ। ਇਸ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ 26 ਦਸੰਬਰ ਨੂੰ ਸੈਂਚੁਰੀਅਨ ਵਿੱਚ ਅਤੇ ਦੂਜਾ 3 ਜਨਵਰੀ ਤੋਂ ਕੇਪਟਾਊਨ ਵਿੱਚ ਖੇਡਿਆ ਜਾਵੇਗਾ। ਫਿਰ ਜੂਨ ‘ਚ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਘਰੇਲੂ ਮੈਦਾਨ ‘ਤੇ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ।
2021 ਵਿੱਚ ਟੀ-20 ਵਿਸ਼ਵ ਕੱਪ ਤੋਂ ਬਾਅਦ ਰਵੀ ਸ਼ਾਸਤਰੀ ਦੀ ਥਾਂ ਲੈ ਕੇ ਦ੍ਰਾਵਿੜ ਨੂੰ ਦੋ ਸਾਲਾਂ ਲਈ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਵਨਡੇ ਵਿਸ਼ਵ ਕੱਪ ਦੇ ਨਾਲ ਉਨ੍ਹਾਂ ਦਾ ਕਰਾਰ ਹਾਲ ਹੀ ਵਿੱਚ ਖਤਮ ਹੋ ਗਿਆ। ਵਿਸ਼ਵ ਕੱਪ ਦੇ ਫਾਈਨਲ ‘ਚ ਭਾਰਤ ਆਸਟ੍ਰੇਲੀਆ ਤੋਂ ਹਾਰ ਗਿਆ ਸੀ। ਦ੍ਰਾਵਿੜ ਦੇ ਕੋਚ ਦੇ ਕਾਰਜਕਾਲ ਵਿੱਚ ਆਈਸੀਸੀ ਮੁਕਾਬਲਿਆਂ ਦੇ ਫਾਈਨਲ ਵਿੱਚ ਭਾਰਤ ਦੀ ਇਹ ਦੂਜੀ ਹਾਰ ਸੀ। ਇਸ ਤੋਂ ਪਹਿਲਾਂ ਇਸ ਸਾਲ ਜੂਨ ਵਿੱਚ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਭਾਰਤ ਨੂੰ 2022 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ ਹਾਰ ਮਿਲੀ ਸੀ।
ਜੇਕਰ ਦ੍ਰਾਵਿੜ ਕੋਚ ਦੇ ਤੌਰ ‘ਤੇ ਬਣੇ ਰਹਿੰਦੇ ਹਨ, ਤਾਂ ਉਮੀਦ ਕੀਤੀ ਜਾਂਦੀ ਹੈ ਕਿ ਵਿਕਰਮ ਰਾਠੌੜ (ਬੱਲੇਬਾਜ਼ੀ ਕੋਚ), ਪਾਰਸ ਮਹਾਂਬ੍ਰੇ (ਬੋਲਿੰਗ ਕੋਚ), ਅਤੇ ਟੀ ਦਿਲੀਪ (ਫੀਲਡਿੰਗ ਕੋਚ) ਵੀ ਆਪਣੇ ਅਹੁਦਿਆਂ ‘ਤੇ ਬਣੇ ਰਹਿਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
