ਚੰਡੀਗੜ੍ਹ, 15 ਨਵੰਬਰ (ਹਿ. ਸ.)। ਕ੍ਰਿਕਟ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਸਖਤ ਮੁਕਾਬਲੇ ’ਚ ਦੋਵੇਂ ਟੀਮਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਭਿੜਨਗੀਆਂ। ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਕੋਲ ਹੈ ਜਦਕਿ ਨਿਊਜ਼ੀਲੈਂਡ ਦੀ ਕਪਤਾਨੀ ਕੇਨ ਵਿਲੀਅਮਸਨ ਕਰ ਰਹੇ ਹਨ।
ਟੀਮ ਇੰਡੀਆ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਅਜਿੱਤ ਰਹੀ ਹੈ। ਉਸਨੇ ਆਪਣੇ ਸਾਰੇ 9 ਮੈਚ ਇਕਤਰਫਾ ਤਰੀਕੇ ਨਾਲ ਜਿੱਤੇ ਹਨ। ਉਸਨੇ ਲੀਗ ਗੇੜ ਵਿੱਚ ਵੀ ਨਿਊਜ਼ੀਲੈਂਡ ਨੂੰ ਹਰਾਇਆ ਹੈ। ਅਜਿਹੇ ‘ਚ ਸੈਮੀਫਾਈਨਲ ਮੈਚ ‘ਚ ਭਾਰਤੀ ਟੀਮ ਦਾ ਪੱਲ੍ਹਾ ਨਿਸ਼ਚਤ ਤੌਰ ‘ਤੇ ਭਾਰੀ ਨਜ਼ਰ ਆ ਰਿਹਾ ਹੈ। ਭਾਰਤ ਨੇ ਜਿੱਥੇ ਲੀਗ ਪੜਾਅ ਦੀ ਚੋਟੀ ਦੀ ਟੀਮ ਵਜੋਂ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ, ਉੱਥੇ ਨਿਊਜ਼ੀਲੈਂਡ ਦੀ ਟੀਮ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਰਹੀ।
ਦੋਵੇਂ ਟੀਮਾਂ ਟੂਰਨਾਮੈਂਟ ’ਚ ਲਗਾਤਾਰ ਦੂਜੀ ਵਾਰ ਸੈਮੀਫਾਈਨਲ ’ਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਪਿਛਲੀ ਵਾਰ 2019 ਵਿੱਚ ਕੀਵੀ ਟੀਮ ਨੇ ਕਰੋੜਾਂ ਭਾਰਤੀਆਂ ਦੇ ਸੁਪਨੇ ਤੋੜ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਟੀਮ ਇੰਡੀਆ ਉਸ ਹਾਰ ਦਾ ਬਦਲਾ ਲੈਣ ਉਤਰੇਗੀ। ਅਜਿਹੇ ‘ਚ ਦੋਵਾਂ ਵਿਚਾਲੇ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
