ਬਰਲਿਨ, 14 ਫਰਵਰੀ : ਬ੍ਰਾਹਿਮ ਡਿਆਜ਼ ਨੇ ਇਕਮਾਤਰ ਗੋਲ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਮੰਗਲਵਾਰ ਨੂੰ ਯੂਈਐੱਫਏ ਚੈਂਪੀਅਨਜ਼ ਲੀਗ ਦੇ ਆਖਰੀ 16 ਮੁਕਾਬਲੇ ਦੇ ਪਹਿਲੇ ਗੇੜ ’ਚ ਮਜ਼ਬੂਤ ਆਰਬੀ ਲੀਪਜ਼ਿਗ ਨੂੰ 1-0 ਨਾਲ ਹਰਾਇਆ। ਲੀਪਜ਼ਿਗ ਨੇ ਘਰੇਲੂ ਧਰਤੀ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਸਿਰਫ ਦੋ ਮਿੰਟ ਦੀ ਖੇਡ ਨਾਲ ਹੀ ਗੋਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ, ਪਰ ਬੈਂਜਾਮਿਨ ਸੇਸਕੋ ਦੇ ਗੋਲ ਨੂੰ ਆਫਸਾਈਡ ਕਰਾਰ ਦਿੱਤਾ ਗਿਆ।
ਲੀਪਜ਼ਿਗ ਨੇ ਹਮਲਾ ਕਰਨਾ ਜਾਰੀ ਰੱਖਿਆ ਅਤੇ 10ਵੇਂ ਮਿੰਟ ਵਿੱਚ ਗੋਲ ਕਰਨ ਦੇ ਨੇੜੇ ਆ ਗਏ, ਪਰ ਅਸਫਲ ਰਹੇ, ਕਿਉਂਕਿ ਸੇਸਕੋ ਦੇ ਸ਼ਾਟ ਦਾ ਰੀਅਲ ਮੈਡ੍ਰਿਡ ਦੇ ਗੋਲਕੀਪਰ ਐਂਡ੍ਰੀ ਲੁਨਿਨ ਨੇ ਸ਼ਾਨਦਾਰ ਤਰੀਕੇ ਨਾਲ ਬਚਾ ਕਰ ਲਿਆ। ਪਹਿਲਾ ਹਾਫ ਗੋਲ ਰਹਿਤ ਸਮਾਪਤ ਹੋਇਆ। ਦੂਜੇ ਹਾਫ ਵਿੱਚ ਹਾਲਾਤ ਬਦਲ ਗਏ ਅਤੇ 48ਵੇਂ ਮਿੰਟ ਵਿੱਚ ਡਿਆਜ਼ ਨੇ ਲੀਪਜ਼ਿਗ ਦੇ ਦੋ ਡਿਫੈਂਡਰਾਂ ਨੂੰ ਬਾਈਪਾਸ ਕਰਦੇ ਹੋਏ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਬਰਾਬਰੀ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੀ ਅਤੇ ਰੀਅਲ ਮੈਡ੍ਰਿਡ ਨੇ ਇਹ ਮੈਚ 1-0 ਨਾਲ ਜਿੱਤ ਲਿਆ। ਲੀਪਜ਼ਿਗ ਟੀਮ 6 ਮਾਰਚ ਨੂੰ ਦੂਜੇ ਗੇੜ ਲਈ ਮੈਡ੍ਰਿਡ ਦੀ ਯਾਤਰਾ ਕਰੇਗੀ।
