ਨਵੀਂ ਦਿੱਲੀ, 26 ਅਕਤੂਬਰ। ਭਾਰਤੀ ਪੈਰਾ-ਐਥਲੀਟਾਂ ਨੇ ਵੀਰਵਾਰ ਨੂੰ ਚੱਲ ਰਹੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ 79 ਤਗਮੇ ਜਿੱਤ ਕੇ 2018 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਉਨ੍ਹਾਂ ਦੇ 72 ਤਗਮਿਆਂ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ।
ਭਾਰਤ ਨੇ ਹੁਣ ਤੱਕ ਕੁੱਲ 79 ਤਗਮੇ ਜਿੱਤੇ ਹਨ, ਜਿਸ ਵਿੱਚ 18 ਸੋਨ, 21 ਚਾਂਦੀ ਅਤੇ 39 ਕਾਂਸੀ ਸ਼ਾਮਲ ਹਨ। ਨਿਤਿਆ ਸਾਰੇ ਨੇ ਬੈਡਮਿੰਟਨ ਮਹਿਲਾ ਸਿੰਗਲਜ਼ ਐੱਸਐੱਚ6 ਈਵੈਂਟ ਵਿੱਚ 73ਵਾਂ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਮੁਕਾਬਲੇ ਦੇ ਚੌਥੇ ਦਿਨ ਸਚਿਨ ਖਿਲਾਰੀ ਨੇ ਪੁਰਸ਼ਾਂ ਦੇ ਐਫ-46 ਸ਼ਾਟ ਪੁਟ ਵਿੱਚ 16.03 ਮੀਟਰ ਦੀ ਥਰੋਅ ਨਾਲ ਨਵਾਂ ਰਿਕਾਰਡ ਬਣਾ ਕੇ ਭਾਰਤ ਲਈ ਦਿਨ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ, ਜਦਕਿ ਰੋਹਿਤ ਕੁਮਾਰ ਨੇ 14.56 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਸਿਧਾਰਥ ਬਾਬੂ ਨੇ ਮਿਕਸਡ 50 ਮੀਟਰ ਰਾਈਫਲ ਪ੍ਰੋਨ ਐਸਐਚ1 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਭਾਰਤ ਲਈ ਇੱਕ ਹੋਰ ਸੋਨ ਤਗਮਾ ਜਿੱਤਿਆ। ਸਿਧਾਰਥ ਨੇ ਕਰੀਬੀ ਮੁਕਾਬਲੇ ਵਿੱਚ ਚੀਨ ਦੇ ਚਾਓ ਡੋਂਗ ਨੂੰ ਸਿਰਫ਼ 0.2 ਅੰਕਾਂ ਨਾਲ ਹਰਾਇਆ। ਔਰਤਾਂ ਦੇ ਸ਼ਾਟ ਪੁਟ-ਐਫ34 ਵਿੱਚ ਭਾਗਿਆਸ਼੍ਰੀ ਮਾਧਵਰਾਓ ਜਾਧਵ ਨੇ 7.54 ਮੀਟਰ ਦੀ ਸ਼ਾਨਦਾਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੌਰਾਨ ਤੀਰਅੰਦਾਜ਼ੀ ਵਿੱਚੋਂ ਭਾਰਤ ਦਾ 18ਵਾਂ ਸੋਨ ਤਮਗਾ ਆਇਆ, ਜਿਸ ਵਿੱਚ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਨੇ ਮਿਕਸਡ ਟੀਮ ਕੰਪਾਊਂਡ – ਓਪਨ ਫਾਈਨਲ ਵਿੱਚ ਜਿੱਤ ਦਰਜ ਕੀਤੀ।
ਮਨੀਸ਼ਾ ਰਾਮਦਾਸ ਅਤੇ ਮਨਦੀਪ ਕੌਰ ਨੇ ਬੈਡਮਿੰਟਨ ਮਹਿਲਾ ਡਬਲਜ਼ ਐੱਸਐੱਲ3-ਐੱਸਯੂਐੱਸ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ, ਜਦਕਿ ਮਨੀਸ਼ਾ ਰਾਮਦਾਸ ਨੇ ਸਿੰਗਲਜ਼ ਐੱਸਯੂ-5 ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਬੈਡਮਿੰਟਨ ਪੁਰਸ਼ ਡਬਲਜ਼ ਐੱਸਐੱਚ-6 ਵਰਗ ਵਿੱਚ ਸ਼ਿਵਰਾਜਨ ਸੋਲਾਇਮਲਾਈ ਅਤੇ ਕ੍ਰਿਸ਼ਨਾ ਨਾਗਰ ਨੇ ਕਾਂਸੀ ਦਾ ਤਗਮਾ ਜਿੱਤਿਆ।
ਤੀਰਅੰਦਾਜ਼ੀ ਪੁਰਸ਼ ਡਬਲਜ਼- ਡਬਲਯੂ1 ਓਪਨ ਈਵੈਂਟ ਵਿੱਚ ਤੀਰਅੰਦਾਜ਼ ਆਦਿਲ ਮੁਹੰਮਦ ਅਤੇ ਨਵੀਨ ਦਲਾਲ ਨੇ 125-120 ਦੇ ਸ਼ਾਨਦਾਰ ਸਕੋਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਬੈਡਮਿੰਟਨ ਸਿੰਗਲਜ਼ ਐੱਸਐੱਲ-4 ਵਿੱਚ ਸੁਕਾਂਤ ਕਦਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ।
ਨਰਾਇਣ ਠਾਕੁਰ ਨੇ ਅੱਜ ਤਗਮੇ ਦੀ ਸ਼ੁਰੂਆਤ ਪੁਰਸ਼ਾਂ ਦੇ ਟੀ35 100 ਮੀਟਰ ਵਿੱਚ ਕਾਂਸੀ ਦੇ ਨਾਲ ਕੀਤੀ। ਉਨ੍ਹਾਂ ਨੇ ਇਸ ਈਵੈਂਟ ਵਿੱਚ 14.37 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਦੌਰਾਨ ਸ਼੍ਰੇਆਂਸ਼ ਤਿਵਾਰੀ ਨੂੰ ਪੁਰਸ਼ਾਂ ਦੇ ਟੀ-37 100 ਮੀਟਰ ਮੁਕਾਬਲੇ ਵਿੱਚ 12.24 ਸਕਿੰਟ ਦੇ ਸਮੇਂ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
