ਢਾਕਾ, 27 ਨਵੰਬਰ (ਹਿ.ਸ.)। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਦੇਸ਼ ਦੀਆਂ 12ਵੀਂ ਸੰਸਦੀ ਚੋਣਾਂ ਲੜਨਗੇ। ਈਐੱਸਪੀਐੱਨਕ੍ਰਿਕ ਇਨਫੋ ਦੇ ਅਨੁਸਾਰ, ਉਹ ਸੱਤਾਧਾਰੀ ਅਵਾਮੀ ਲੀਗ ਪਾਰਟੀ ਵੱਲੋਂ ਆਪਣੇ ਗ੍ਰਹਿ ਜ਼ਿਲ੍ਹੇ ਮਗੁਰਾ-1 ਹਲਕੇ ਤੋਂ ਚੋਣ ਲੜਨਨਗੇ, ਜਿੱਥੇ 7 ਜਨਵਰੀ ਨੂੰ ਚੋਣਾਂ ਹੋਣੀਆਂ ਹਨ।
ਸ਼ਾਕਿਬ ਫਿਲਹਾਲ 6 ਨਵੰਬਰ ਨੂੰ ਸ਼੍ਰੀਲੰਕਾ ਖਿਲਾਫ ਵਿਸ਼ਵ ਕੱਪ ਮੈਚ ਦੌਰਾਨ ਉਂਗਲੀ ਦੀ ਸੱਟ ਤੋਂ ਉਭਰ ਰਹੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਦੋਂ ਮੈਦਾਨ ‘ਤੇ ਵਾਪਸੀ ਕਰਨਗੇ। ਨਿਊਜ਼ੀਲੈਂਡ ਦੇ ਖਿਲਾਫ 28 ਨਵੰਬਰ ਤੋਂ 10 ਦਸੰਬਰ ਤੱਕ ਦੋ ਘਰੇਲੂ ਟੈਸਟ ਮੈਚਾਂ ਤੋਂ ਬਾਅਦ, ਬੰਗਲਾਦੇਸ਼ 11 ਤੋਂ 31 ਦਸੰਬਰ ਤੱਕ ਨਿਊਜ਼ੀਲੈਂਡ ਦਾ ਦੌਰਾ 6 ਸਫੈਦ ਗੇਂਦਾਂ ਦੇ ਮੈਚਾਂ ਲਈ ਕਰੇਗਾ। ਸ਼ਾਕਿਬ ਨੇ ਵਿਸ਼ਵ ਕੱਪ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਵਨਡੇ ਟੀਮ ਦੀ ਕਪਤਾਨੀ ਛੱਡ ਦੇਣਗੇ ਪਰ ਟੀ-20 ਟੀਮ ਦੇ ਕਪਤਾਨ ਬਣੇ ਰਹਿਣਗੇ।
ਤਿੰਨ ਟੀ-20 ਮੈਚ 27 ਤੋਂ 31 ਦਸੰਬਰ ਤੱਕ ਖੇਡੇ ਜਾਣਗੇ ਅਤੇ ਜੂਨ 2024 ਵਿੱਚ ਅਗਲੇ ਟੀ-20 ਵਿਸ਼ਵ ਕੱਪ ਦੇ ਨਾਲ, ਟੀਮਾਂ ਨੇ ਪਹਿਲਾਂ ਹੀ ਆਪਣੇ ਟੀ-20 ਯੋਜਨਾਵਾਂ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸ਼ਾਕਿਬ ਬੰਗਲਾਦੇਸ਼ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜ਼ਾ ਨੂੰ ਫਾਲੋ ਕਰ ਰਹੇ ਹਨ, ਜੋ ਪਿਛਲੀਆਂ ਚੋਣਾਂ ਦੌਰਾਨ ਨਰੈਲ ਤੋਂ ਸੰਸਦ ਮੈਂਬਰ ਬਣੇ ਸਨ। ਮਸ਼ਰਫੇ ਇਸ ਸਾਲ ਫਿਰ ਤੋਂ ਚੋਣ ਲੜ ਰਹੇ ਹਨ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿੱਚ ਕ੍ਰਿਕਟ ਅਤੇ ਰਾਜਨੀਤੀ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਸ਼ਾਕਿਬ ਅਤੇ ਮਸ਼ਰਫੇ ਤੋਂ ਇਲਾਵਾ ਬੀਸੀਬੀ ਦੇ ਪ੍ਰਧਾਨ ਨਜ਼ਮੁਲ ਹਸਨ 2009 ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਕਿਸ਼ੋਰਗੰਜ ਹਲਕੇ ਤੋਂ ਨਾਮਜ਼ਦਗੀ ਭਰੀ ਹੈ। ਬੀਸੀਬੀ ਦੇ ਡਾਇਰੈਕਟਰ ਸ਼ਫੀਉਲ ਆਲਮ ਚੌਧਰੀ ਨੂੰ ਵੀ ਮੌਲਵੀਬਾਜ਼ਾਰ ਸੀਟ ਤੋਂ ਨਾਮਜ਼ਦਗੀ ਮਿਲੀ ਹੈ। ਬੰਗਲਾਦੇਸ਼ ਦੇ ਸਾਬਕਾ ਕਪਤਾਨ ਨਈਮੁਰ ਰਹਿਮਾਨ, ਜੋ ਮੌਜੂਦਾ ਸੰਸਦ ਮੈਂਬਰ ਸਨ, ਆਗਾਮੀ ਚੋਣਾਂ ਲਈ ਮਾਨਿਕਗੰਜ ਸੀਟ ਹਾਸਲ ਕਰਨ ਵਿੱਚ ਅਸਫਲ ਰਹੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
