ਸ਼ੇਨਝੇਨ, 22 ਨਵੰਬਰ (ਹਿ. ਸ.)। ਸੋਨ ਹਿਊਂਗ-ਮਿਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਕੋਰੀਆ ਨੇ ਮੰਗਲਵਾਰ ਨੂੰ ਇੱਥੇ ਚੱਲ ਰਹੇ ਫੀਫਾ ਵਿਸ਼ਵ ਕੱਪ 2026 ਏਸ਼ੀਆਈ ਜ਼ੋਨ ਕੁਆਲੀਫਾਇੰਗ ਟੂਰਨਾਮੈਂਟ ਦੇ ਦੂਜੇ ਪੜਾਅ ਦੇ ਗਰੁੱਪ ਸੀ ਵਿੱਚ ਚੀਨ ਨੂੰ 3-0 ਨਾਲ ਹਰਾਇਆ। ਮਿਨ ਨੇ ਮੈਚ ਵਿੱਚ ਦੋ ਗੋਲ ਕੀਤੇ ਅਤੇ ਇੱਕ ਗੋਲ ਵਿੱਚ ਸਹਾਇਤਾ ਕੀਤੀ।
ਪਿਛਲੇ ਵੀਰਵਾਰ ਗਰੁੱਪ ਸੀ ਦੇ ਸ਼ੁਰੂਆਤੀ ਮੈਚਾਂ ਵਿੱਚ ਚੀਨ ਨੇ ਬੈਂਕਾਕ ਵਿੱਚ ਥਾਈਲੈਂਡ ਨੂੰ 2-1 ਨਾਲ ਅਤੇ ਦੱਖਣੀ ਕੋਰੀਆ ਨੇ ਸਿੰਗਾਪੁਰ ਨੂੰ ਘਰੇਲੂ ਮੈਦਾਨ ਵਿੱਚ 5-0 ਨਾਲ ਹਰਾਇਆ। ਮੰਗਲਵਾਰ ਸ਼ਾਮ ਨੂੰ, ਏਸ਼ੀਆਈ ਫੁੱਟਬਾਲ ਪਾਵਰਹਾਊਸ ਦੱਖਣੀ ਕੋਰੀਆ ਨੇ 65 ਫੀਸਦੀ ਗੇਂਦ ‘ਤੇ ਕਬਜ਼ੇ ਅਤੇ ਕੁੱਲ 18 ਸ਼ਾਟਾਂ ਨਾਲ ਪੂਰੇ ਮੈਚ ‘ਤੇ ਦਬਦਬਾ ਬਣਾਈ ਰੱਖਿਆ।
ਮੈਚ ਦੇ 11ਵੇਂ ਮਿੰਟ ਵਿੱਚ ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਸੋਨ ਨੇ ਧੀਰਜ ਨਾਲ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।ਟੈਨ ਲੌਂਗ ਮੈਚ ਦੇ 42ਵੇਂ ਮਿੰਟ ਵਿੱਚ ਚੀਨ ਲਈ ਬਰਾਬਰੀ ਵਾਲਾ ਗੋਲ ਕਰਨ ਦੇ ਨੇੜੇ ਸੀ, ਪਰ ਉਨ੍ਹਾਂ ਦਾ ਨਜ਼ਦੀਕੀ ਸ਼ਾਟ ਪੋਸਟ ਤੋਂ ਬਾਹਰ ਚਲਾ ਗਿਆ। ਸਿਰਫ਼ ਤਿੰਨ ਮਿੰਟ ਬਾਅਦ, ਸੋਨ ਨੇ ਮੈਚ ਦਾ ਆਪਣਾ ਦੂਜਾ ਗੋਲ ਕਰਕੇ ਦੱਖਣੀ ਕੋਰੀਆ ਨੂੰ 2-0 ਨਾਲ ਅੱਗੇ ਕਰ ਦਿੱਤਾ। ਅੱਧੇ ਸਮੇਂ ਤੱਕ ਕੋਰੀਆ 2-0 ਨਾਲ ਅੱਗੇ ਸੀ।
ਅੱਧ ਤੋਂ ਮਗਰੋਂ ਵੀ ਦੱਖਣੀ ਕੋਰੀਆ ਨੇ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਮੈਚ ਦੇ 86ਵੇਂ ਮਿੰਟ ਵਿੱਚ ਸੋਨ ਦੀ ਸਟੀਕ ਫਰੀ ਕਿੱਕ ਨੂੰ ਜਾਂਗ ਸੇਂਗ-ਹਿਊਨ ਨੇ ਹੈਡਰ ਰਾਹੀਂ ਗੋਲ ਵਿੱਚ ਬਦਲ ਕੇ ਕੋਰੀਆ ਨੂੰ 3-0 ਨਾਲ ਅੱਗੇ ਕਰ ਦਿੱਤਾ ਅਤੇ ਅੰਤ ਵਿੱਚ ਇਹ ਸਕੋਰ ਫੈਸਲਾਕੁੰਨ ਸਾਬਤ ਹੋਇਆ। ਇਸ ਦੌਰਾਨ ਮੰਗਲਵਾਰ ਨੂੰ ਗਰੁੱਪ ਸੀ ਦੇ ਦੂਜੇ ਮੈਚ ‘ਚ ਥਾਈਲੈਂਡ ਨੇ ਸਿੰਗਾਪੁਰ ‘ਤੇ 3-1 ਨਾਲ ਜਿੱਤ ਦਰਜ ਕੀਤੀ। ਏਸ਼ਿਆਈ ਕੁਆਲੀਫਾਇੰਗ ਟੂਰਨਾਮੈਂਟ ਦੇ ਦੂਜੇ ਪੜਾਅ ਵਿੱਚ, 36 ਟੀਮਾਂ ਨੂੰ ਨੌਂ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਜੋ ਘਰੇਲੂ ਅਤੇ ਦੂਰ ਰਾਊਂਡ-ਰੋਬਿਨ ਫਾਰਮੈਟ ਵਿੱਚ ਮੁਕਾਬਲਾ ਕਰ ਰਹੀਆਂ ਹਨ। ਹਰੇਕ ਗਰੁੱਪ ਦੇ ਚੋਟੀ ਦੇ ਦੋ ਤੀਜੇ ਪੜਾਅ ’ਚ ਅੱਗੇ ਵਧਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
