ਬੈਂਗਲੁਰੂ, 2 ਦਸੰਬਰ (ਹਿ.ਸ.)। ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਅੱਜ ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਆਲਾਲੰਪੁਰ, ਮਲੇਸ਼ੀਆ ਲਈ ਰਵਾਨਾ ਹੋਈ, ਜਿੱਥੇ ਟੀਮ 5 ਤੋਂ 16 ਦਸੰਬਰ ਤੱਕ ਹੋਣ ਵਾਲੇ ਐੱਫਆਈਐੱਚ ਜੂਨੀਅਰ ਹਾਕੀ ਵਿਸ਼ਵ ਕੱਪ 2023 ਵਿੱਚ ਹਿੱਸਾ ਲਵੇਗੀ। 2021 ਵਿੱਚ ਭਾਰਤ ਦੇ ਭੁਵਨੇਸ਼ਵਰ ਵਿੱਚ ਹੋਏ ਟੂਰਨਾਮੈਂਟ ਦੇ ਪਿਛਲੇ ਐਡੀਸ਼ਨ ਵਿੱਚ ਭਾਰਤ ਚੌਥੇ ਸਥਾਨ ‘ਤੇ ਰਿਹਾ ਸੀ।
ਭਾਰਤ ਨੂੰ ਸਪੇਨ, ਕੋਰੀਆ ਅਤੇ ਕੈਨੇਡਾ ਦੇ ਨਾਲ ਪੂਲ ‘ਸੀ’ ‘ਚ ਰੱਖਿਆ ਗਿਆ ਹੈ, ਜਦਕਿ ਮੌਜੂਦਾ ਚੈਂਪੀਅਨ ਅਰਜਨਟੀਨਾ, ਚਿਲੀ, ਆਸਟ੍ਰੇਲੀਆ ਅਤੇ ਮੇਜ਼ਬਾਨ ਮਲੇਸ਼ੀਆ ਦੇ ਨਾਲ ਪੂਲ ‘ਏ’ ‘ਚ ਹੈ। ਜਰਮਨੀ, ਫਰਾਂਸ, ਦੱਖਣੀ ਅਫਰੀਕਾ ਅਤੇ ਮਿਸਰ ਪੂਲ ਬੀ ਵਿੱਚ ਹਨ, ਜਦਕਿ ਨੀਦਰਲੈਂਡ, ਨਿਊਜ਼ੀਲੈਂਡ, ਬੈਲਜੀਅਮ ਅਤੇ ਪਾਕਿਸਤਾਨ ਪੂਲ ਡੀ ਵਿੱਚ ਹਨ।
ਭਾਰਤੀ ਪੁਰਸ਼ ਹਾਕੀ ਟੀਮ 5 ਦਸੰਬਰ ਨੂੰ ਕੋਰੀਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਅਗਲਾ ਮੈਚ 7 ਦਸੰਬਰ ਨੂੰ ਸਪੇਨ ਨਾਲ ਹੋਵੇਗਾ ਅਤੇ ਆਖਰੀ ਪੂਲ ਪੜਾਅ ਦਾ ਮੈਚ 9 ਦਸੰਬਰ ਨੂੰ ਕੈਨੇਡਾ ਨਾਲ ਹੋਵੇਗਾ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਪੂਲ ਸੀ ਵਿੱਚ ਸਿਖਰਲੇ ਦੋ ਸਥਾਨਾਂ ਵਿੱਚ ਰਹਿਣਾ ਹੋਵੇਗਾ।
ਭਾਰਤੀ ਟੀਮ ਦੇ ਕਪਤਾਨ ਉੱਤਮ ਸਿੰਘ ਨੇ ਟੂਰਨਾਮੈਂਟ ਬਾਰੇ ਕਿਹਾ, ਪਿਛਲੀ ਵਾਰ ਸਾਨੂੰ ਫਰਾਂਸ ਦੇ ਹੱਥੋਂ 3-4 ਸਥਾਨ ਲਈ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਟੀਮ ਪਹਿਲਾਂ ਨਾਲੋਂ ਬਿਹਤਰ ਅਤੇ ਬਹੁਤ ਮਜ਼ਬੂਤ ਹੈ। ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ 5 ਦਸੰਬਰ ਨੂੰ ਕੋਰੀਆ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
