ਹਾਂਗਜ਼ੂ, 05 ਅਕਤੂਬਰ (ਹਿ. ਸ.)। ਜੋਤੀ ਸੁਰੇਖਾ ਵੇਨਮ, ਅਦਿਤੀ ਗੋਪੀਚੰਦ ਅਤੇ ਪ੍ਰਨੀਤ ਕੌਰ ਦੀ ਭਾਰਤੀ ਤੀਰਅੰਦਾਜ਼ੀ ਕੰਪਾਊਂਡ ਮਹਿਲਾ ਟੀਮ ਨੇ ਵੀਰਵਾਰ ਨੂੰ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਜੋਤੀ, ਅਦਿਤੀ ਅਤੇ ਪਰਨੀਤ ਦੀ ਤਿਕੜੀ ਨੇ ਚੀਨੀ ਤਾਈਪੇ ਦੀ ਯੀ-ਸੁਆਨ ਚੇਨ, ਆਈ-ਜੂ ਹੁਆਂਗ ਅਤੇ ਲੂ-ਯੂਨ ਵਾਂਗ ਨੂੰ 230-229 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਪਹਿਲੇ ਸੈੱਟ ‘ਚ ਚੀਨੀ ਤਾਈਪੇ ਨੇ ਭਾਰਤ ਨੂੰ ਸਖਤ ਟੱਕਰ ਦਿੱਤੀ ਅਤੇ ਇਸ ਨੂੰ 54-56 ਨਾਲ ਜਿੱਤ ਲਿਆ ਪਰ ਇਸ ਤੋਂ ਬਾਅਦ ਭਾਰਤ ਨੇ ਪੂਰੇ ਮੈਚ ‘ਤੇ ਦਬਦਬਾ ਬਣਾ ਲਿਆ ਅਤੇ ਤੀਰਅੰਦਾਜ਼ੀ ‘ਚ ਦੂਜਾ ਸੋਨ ਤਮਗਾ ਜਿੱਤ ਲਿਆ।
ਇਸ ਤੋਂ ਪਹਿਲਾਂ ਕੰਪਾਊਂਡ ਮਹਿਲਾ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਗੇੜ ਵਿੱਚ ਜੋਤੀ ਸੁਰੇਖਾ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਹਾਂਗਕਾਂਗ ਨੂੰ 231-220 ਨਾਲ ਹਰਾ ਕੇ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਹਾਲਾਂਕਿ ਹਾਂਗਕਾਂਗ ਦੀ ਤਰਫੋਂ ਹੁੰਗ ਟਿੰਗ ਚੇਂਗ, ਯੂਕ ਸ਼ਿਊਂਗ ਵੋਂਗ ਅਤੇ ਯਿਨ ਯੀ ਲੂਕ ਨੇ ਮੈਚ ‘ਚ ਸਖਤ ਟੱਕਰ ਦਿੱਤੀ ਪਰ ਭਾਰਤੀ ਤੀਰਅੰਦਾਜ਼ਾਂ ਨੇ ਜਿੱਤ ਦਰਜ ਕਰਨ ‘ਚ ਕੋਈ ਗਲਤੀ ਨਹੀਂ ਕੀਤੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਈਵੈਂਟ ਦੇ ਸੈਮੀਫਾਈਨਲ ਮੈਚ ‘ਚ ਜੋਤੀ, ਅਦਿਤੀ ਅਤੇ ਪਰਨੀਤ ਨੇ ਇੰਡੋਨੇਸ਼ੀਆ ਦੀ ਰਤੀਹ ਜ਼ਿਲਿਜ਼ਤੀ ਫਧਲੀ, ਸਿਯਾਹਾਰਾ ਖੋਏਰੁਨਿਸਾ ਅਤੇ ਸ਼੍ਰੀ ਰੰਤੀ ‘ਤੇ 233-219 ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲੇ ਮਿੰਟ ਤੋਂ ਹੀ ਖੇਡ ‘ਤੇ ਦਬਦਬਾ ਬਣਾਇਆ ਲਿਆ ਅਤੇ ਪਹਿਲੇ ਸੈੱਟ ‘ਚ 60 ਅੰਕ ਬਣਾਏ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਦੀ ਜੋਤੀ ਸੁਰੇਖਾ ਵੇਨਮ ਅਤੇ ਪ੍ਰਵੀਨ ਓਜਸ ਦਿਓਤਲੇ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਦੱਖਣੀ ਕੋਰੀਆ ਦੇ ਚਾਵੋਨ ਸੋ ਅਤੇ ਜਹੂਨ ਜੂ ਖ਼ਿਲਾਫ਼ ਫਾਈਨਲ ਮੈਚ ਜਿੱਤ ਕੇ ਕੰਪਾਊਂਡ ਤੀਰਅੰਦਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਇਸ ਸਮੇਂ ਕੁੱਲ 82 ਤਮਗਿਆਂ ਨਾਲ ਚੌਥੇ ਸਥਾਨ ‘ਤੇ ਹੈ, ਜਿਸ ‘ਚ 19 ਸੋਨ, 31 ਚਾਂਦੀ ਅਤੇ 32 ਕਾਂਸੀ ਦੇ ਤਗਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
