ਜਗਰਾਓ, 28 ਅਕਤੂਬਰ (ਹਿ. ਸ.)। ਚੀਫ ਕਮਿਸ਼ਨਰ (ਗੁਰਦੁਆਰਾ ਚੋਣਾਂ) ਪੰਜਾਬ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ 68-ਜਗਰਾਓ ਹਲਕੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਚੋਣ ਲਈ ਵੋਟਾਂ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਐਸ. ਡੀ. ਐਮ.-ਕਮ-ਰਿਵਾਈਜਿੰਗ ਅਥਾਰਿਟੀ 68-ਜਗਰਾਉਂ ਨੇ ਦੱਸਿਆ ਕਿ ਵੋਟਾਂ ਬਣਾਉਣ ਦੀ ਪ੍ਰਕ੍ਰਿਆ 15 ਨਵੰਬਰ ਤੱਕ ਚੱਲੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਚੋਣ ਲਈ ਵੋਟ ਬਣਾਉਣ ਲਈ ਉਮਰ ਹੱਦ 21 ਸਾਲ ਹੋਣੀ ਜਰੂਰੀ ਹੈ। ਸਬੰਧਿਤ ਵਿਆਕਤੀ ਆਪਣੇ ਨਾਲ ਦੋ ਪਹਿਚਾਣ ਪੱਤਰ ਨਾਲ ਲੈ ਕੇ ਆਵੇ ਅਤੇ ਆਪਣੇ ਨੇੜੇ ਦੇ ਸਥਾਨ ਤੇ ਵੋਟ ਬਣਾ ਸਕਦਾ ਹੈ।ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ 68-ਜਗਰਾਉਂ ਹਲਕੇ ਵਿੱਚ ਪੰਜ ਸਥਾਨਾਂ ਤੇ ਵੋਟਾਂ ਦੇ ਫਾਰਮ ਭਰੇ ਜਾ ਸਕਦੇ ਹਨ। ਇਹਨਾਂ ਸਥਾਨਾਂ ਵਿੱਚ ਤਹਿਸੀਲ ਦਫਤਰ ਜਗਰਾਉਂ, ਸਰਕਾਰੀ ਕੰਨਿਆ ਹਾਈ ਸਕੂਲ, ਕਮਾਲਪੁਰਾ, ਸਰਕਾਰੀ ਕੰਨਿਆ ਹਾਈ ਸਕੂਲ ਕਾਉਂਕੇ ਕਲਾਂ, ਸਰਕਾਰੀ ਸੀਨਅੀਰ ਸੈਕੰਡਰੀ ਸਕੂਲ, ਮਾਣੂਕੇ ਅਤੇ ਦਫਤਰ ਨਗਰ ਕੋਂਸ਼ਲ ਜਗਰਾਉਂ ਵਿਖੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।
68-ਜਗਰਾਓ ਹਲਕੇ ਦੇ ਪੇਂਡੂ ਖੇਤਰ ਲਈ ਤਹਿਸੀਲ ਦਫਤਰ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰ ਲਈ ਨਗਰ ਕੋਂਸ਼ਲ ਦੇ ਕਰਮਚਾਰੀ ਵੋਟਾਂ ਦੇ ਫਾਰਮ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਇਹਨਾਂ ਸਥਾਨਾਂ ਤੇ ਕੋਈ ਪਰੇਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਉਹ ਦਫਤਰ ਉਪ ਮੰਡਲ ਮੈਜਿਸਟ੍ਰੇਟ ਜਗਰਾਉਂ ਵਿਖੇ ਵੀ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਫਾਰਮ ਜਮ੍ਹਾਂ ਕਰਵਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
